ਲੁਧਿਆਣਾ, 6 ਦਸੰਬਰ (ਆਹੂਜਾ)-ਸਥਾਨਕ ਟਿੱਬਾ ਰੋਡ 'ਤੇ ਅੱਜ ਸਵੇਰੇ ਇਕ ਲੁਟੇਰਾ ਘਰ ਦੇ ਬਾਹਰ ਸੈਰ ਕਰ ਰਹੀ ਇਕ ਔਰਤ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਨਾਮੀ ਇਹ ਔਰਤ ਘਰ ਦੇ ਬਾਹਰ ਸੈਰ ਕਰ ਰਹੀ ਸੀ, ਇਸ ਦੌਰਾਨ ਇਕ ਨੌਜਵਾਨ ਉੱਥੇ ਆਇਆ ਤੇ ਸੁਰਿੰਦਰ ਕੌਰ ਦੇ ਪਾਈਆਂ ਕੰਨਾਂ ਵਿਚੋਂ ਵਾਲੀਆਂ ਖੋਹ ਲਈਆਂ ਤੇ ਫ਼ਰਾਰ ਹੋ ਗਿਆ | ਸੁਰਿੰਦਰ ਕੌਰ ਵਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ, ਪਰ ਲੁਟੇਰਾ ਉਥੋਂ ਫ਼ਰਾਰ ਹੋ ਗਿਆ | ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ਵਿਚ ਲੈ ਲਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਸੀ |