ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ ਨੌਜਵਾਨ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਚਾਰ ਨੌਜਵਾਨਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਿਤ ਲੜਕੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਰਾਜੂ, ਦਾਰਾ, ਕਮਲਜੀਤ, ਪੂਜਾ ਅਤੇ ਇਕ ਹੋਰ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਸਹੇਲੀ ਜੈਸਮੀਨ ਦੀ ਮਾਂ ਪੂਜਾ ਨੇ ਉਸ ਨੰੂ ਬਹਾਨੇ ਨਾਲ ਆਪਣੇ ਘਰ ਬੁਲਾਇਆ, ਜਿੱਥੇ ਕਿ ਉਕਤ ਕਥਿਤ ਦੋਸ਼ੀ ਉਸਦੇ ਪਰਿਵਾਰਕ ਮੈਂਬਰ ਅਤੇ ਇਕ ਅਣਪਛਾਤਾ ਵਿਅਕਤੀ ਬੈਠਾ ਸੀ | ਇਹਨਾਂ ਕਥਿਤ ਦੋਸ਼ੀਆਂ ਵਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਉਤਾਰ ਕੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਵੀ ਕੀਤੀ | ਉਸ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮੋਬਾਈਲ ਰਾਹੀਂ ਉਸ ਦੀ ਇਕ ਵੀਡੀਓ ਬਣਾ ਲਈ ਅਤੇ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ | ਉਸ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੀ ਸਹੇਲੀ ਜੈਸਮੀਨ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਸ਼ੱਕ ਕਿ ਉਕਤ ਜੈਸਮੀਨ ਨੂੰ ਉਸ ਨੇ ਵਿਗਾੜਿਆ ਹੈ ਅਤੇ ਉਸਦੇ ਇਕ ਨੌਜਵਾਨ ਨਾਲ ਸੰਬੰਧ ਬਣਵਾਏ ਹਨ | ਜਦਕਿ ਅਜਿਹਾ ਕੁੱਝ ਨਹੀਂ ਸੀ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ¢