ਬਸੰਤ ਰੈਸਟੋਰੈਂਟ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਅਤੇ ਮੋਬਾਈਲ ਚੋਰੀ
ਅਜੀਤ ਡੈਸਕ
08-12-2025
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਅਤਿ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਫੁਆਰਾ ਚੌਕ ਵਿਚ ਸਥਿਤ ਸ਼ਹਿਰ ਦੇ ਮਸ਼ਹੂਰ ਬਸੰਤ ਰੈਸਟੋਰੈਂਟ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਢਾਈ ਲੱਖ ਰੁਪਏ ਦੀ ਨਗਦੀ ਅਤੇ ਪੰਜ ਮੋਬਾਈਲ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਮਾਲਕ ਚਰਨਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਰੈਸਟੋਰੈਂਟ ਦੇ ਦਰਵਾਜ਼ੇ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਕਾਊਾਟਰ 'ਤੇ ਪਏ ਦਰਾਜ਼ ਦੇ ਤਾਲੇ ਵੀ ਤੋੜ ਦਿੱਤੇ ਤੇ ਉਥੇ ਪਈ ਢਾਈ ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ, ਜਿਨ੍ਹਾਂ ਵਿਚ ਪੰਜ ਮੋਬਾਈਲ ਵੀ ਸ਼ਾਮਿਲ ਹਨ | ਚੋਰਾਂ ਵਲੋਂ ਕੀਤੀ ਗਈ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ¢ ਜ਼ਿਕਰਯੋਗ ਹੈ ਕਿ ਬਸੰਤ ਰੈਸਟੋਰੈਂਟ ਸ਼ਹਿਰ ਦੇ ਅਤਿ ਸੁਰੱਖਿਅਤ ਇਲਾਕੇ ਫੁਆਰਾ ਚੌਕ ਨੇੜੇ ਸਥਿਤ ਹੈ, ਜਿੱਥੇ ਕਿ ਨੇੜੇ ਪੁਲਿਸ ਕਮਿਸ਼ਨਰ ਸਮੇਤ ਕਈ ਹੋਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਵੀ ਹਨ | ਚੌਕ ਵਿਚ ਵੀ ਹਰ ਸਮੇਂ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਹਨ, ਪਰ ਫਿਰ ਵੀ ਚੋਰ ਚੋਰੀ ਕਰਨ ਉਪਰੰਤ ਫ਼ਰਾਰ ਹੋ ਗਏ ¢ ਚੋਰੀ ਦੀ ਇਸ ਘਟਨਾ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |