ਲੁਧਿਆਣਾ, 17 ਦਸੰਬਰ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵਿਖੇ ਜਾਰੀ ਫਸਲਾਂ ਦੀ ਵਢਾਈ/ਤੁੜਾਈ ਉਪਰੰਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਅਧੀਨ ਅਨੁਸੂਚਿਤ ਜਾਤੀਆਂ ਲਈ ਇਕ ਰੋਜ਼ਾ ਮੁਹਾਰਤ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ | ਇਹ ਸਿਖਲਾਈ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਐੱਸ.ਸੀ.ਐੱਸ.ਪੀ ਯੋਜਨਾ ਤਹਿਤ ਦਿੱਤੀ ਗਈਙ ਇਸ ਵਿਚ ਦੋਹਾਰਾ, ਪੰਡੋਰੀ, ਮਹਿਲਕਲਾਂ, ਪ੍ਰਤਾਪਪੁਰਾ, ਹੈਬੋਵਾਲ, ਮਲਕਪੁਰ ਅਤੇ ਮੁੱਲਾਂਪੁਰ ਪਿੰਡਾਂ ਤੋਂ 25 ਦੇ ਕਰੀਬ ਭਾਗੀਦਾਰ ਸ਼ਾਮਿਲ ਹੋਏ ਜਿਨ੍ਹਾਂ ਨੇ ਖੇਤੀ ਪ੍ਰੋਸੈਸਿੰਗ ਅਧਾਰਿਤ ਉੱਦਮ ਦੀ ਸਿਖਲਾਈ ਲਈ ਵਿਸ਼ੇਸ਼ ਦਿਲਚਸਪੀ ਦਿਖਾਈ | ਖੋਜ ਪ੍ਰੋਜੈਕਟ ਦੇ ਕੁਆਰਡੀਨੇਟਰ ਡਾ. ਐੱਮ.ਐੱਸ. ਆਲਮ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿਖਿਆਰਥੀਆਂ ਨੂੰ ਕੋਰਸ ਦੇ ਉਦੇਸਾਂ ਬਾਰੇ ਜਾਣੂ ਕਰਵਾਇਆ | ਡਾ. ਆਲਮ ਨੇ ਮਸਾਲਿਆਂ ਅਤੇ ਸ਼ਹਿਦ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਨੂੰ ਕਿਸਾਨਾਂ ਅਤੇ ਪਿੰਡ ਪੱਧਰ ਦੇ ਕਿਸਾਨਾਂ ਤੇ ਉਦਮੀਆਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਸੁਧਾਰਨ ਲਈ ਲਾਭਕਾਰੀ ਬਦਲ ਵਜੋਂ ਦਰਸਾਇਆ | ਕੀਟ ਵਿਗਿਆਨੀ ਡਾ. ਮਨਪ੍ਰੀਤ ਕੌਰ ਸੈਣੀ ਨੇ ਘਰੇਲੂ ਪੱਧਰ 'ਤੇ ਅਨਾਜ ਸੰਭਾਲ ਬਾਰੇ ਜਾਣਕਾਰੀ ਅਤੇ ਦਾਲਾਂ ਦੀ ਸੰਭਾਲ ਲਈ ਪੀ.ਏ.ਯੂ ਸੰਭਾਲ ਕਿੱਟ ਦਾ ਸਜੀਵ ਪ੍ਰਦਰਸ਼ਨ ਕੀਤਾ | ਪ੍ਰਮੁੱਖ ਮਾਹਿਰ ਡਾ. ਸੰਧਿਆ ਨੇ ਪ੍ਰੋਸੈਸਿੰਗ ਦੀ ਮਹੱਤਤਾ 'ਤੇ ਜੋਰ ਦਿੰਦਿਆਂ ਸਿਖਿਆਰਥੀਆਂ ਨੂੰ ਅਨਾਜ ਪ੍ਰੋਸੈਸਿੰਗ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਮਸ਼ੀਨਰੀਆਂ ਨਾਲ ਜਾਣੂ ਕਰਵਾਇਆ | ਡਾ. ਰੋਹਿਤ ਸ਼ਰਮਾ ਨੇ ਖੇਤ ਪੱਧਰ 'ਤੇ ਗੁੜ ਤਿਆਰ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ | ਡਾ. ਗਗਨਦੀਪ ਕੌਰ ਨੇ ਗੁੜ ਤਿਆਰੀ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਸਿਖਿਆਰਥੀਆਂ ਨੂੰ ਪੀ.ਏ.ਯੂ. ਸਾਹਿਤ, ਦਾਲਾਂ ਲਈ ਪੀ.ਏ.ਯੂ. ਪ੍ਰੋਟੈਕਸ਼ਨ ਕਿੱਟਾਂ ਅਤੇ ਐਗਰੋ-ਪ੍ਰੋਸੈਸਿੰਗ ਕਿੱਟਾਂ ਮੁਫਤ ਵੰਡੀਆਂ ਗਈਆਂ |