ਲੁਧਿਆਣਾ, 17 ਦਸੰਬਰ (ਡਾ. ਤਰਲੋਚਨ ਸਿੰਘ)-ਸਰਦੀ ਦੇ ਮੌਸਮ ਵਿਚ ਖਾਂਸੀ, ਬੁਖਾਰ, ਫਲੂ, ਨਿਮੋਨੀਆ, ਦਮਾ ਅਤੇ ਗਲੇ ਦੀਆਂ ਇਨਫੈਕਸ਼ਨਾਂ ਵਰਗੀਆਂ ਬਿਮਾਰੀਆਂ ਵੱਧ ਸਕਦੀਆਂ ਹਨ | ਤਾਪਮਾਨ ਵਿਚ ਆਉਣ ਵਾਲੀ ਕਮੀ ਅਤੇ ਠੰਢੀ ਹਵਾ ਕਾਰਨ ਕਈ ਵਾਰ ਵੱਡੀ ਗਿਣਤੀ ਵਿਚ ਲੋਕ ਬਿਮਾਰ ਪੈ ਜਾਂਦੇ ਹਨ | ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਮੌਸਮ ਵਿਚ ਖਾਸ ਧਿਆਨ ਰੱਖਿਆ ਜਾਵੇ | ਉਕਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਜ਼ਿਲੇ੍ਹ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਦੇ ਮੌਸਮ ਵਿਚ ਜ਼ਰੂਰੀ ਸਾਵਧਾਨੀਆਂ ਅਪਣਾ ਕੇ ਆਪ ਅਤੇ ਆਪਣੇ ਪਰਿਵਾਰ ਨੂੰ ਸਰਦੀ ਤੋਂ ਬਚਾ ਕੇ ਰੱਖਣ | ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਵਿਚ ਵਾਇਰਲ ਫਲੂ ਅਤੇ ਜ਼ੁਕਾਮ-ਖੰਘ ਵਧੇਰੇ ਫੈਲਦੇ ਹਨ | ਇਸ ਤੋਂ ਬਚਾਅ ਲਈ ਖ਼ਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮ ਕੱਪੜੇ ਪਹਿਨਣੇ ਬਹੁਤ ਜ਼ਰੂਰੀ ਹਨ | ਸਿਰ, ਕੰਨ ਅਤੇ ਗਲਾ ਢੱਕ ਕੇ ਰੱਖਿਆ ਜਾਵੇ | ਠੰਢੀ ਹਵਾ ਤੋਂ ਬਚਣ ਲਈ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰ ਜਾਣ ਤੋਂ ਕਿਸੇ ਹੱਦ ਤੱਕ ਪਰਹੇਜ਼ ਕੀਤਾ ਜਾਵੇ | ਸਬਜ਼ੀਆਂ, ਫਲ, ਦਾਲਾਂ ਅਤੇ ਦੁੱਧ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ |