ਢੰਡਾਰੀ ਕਲਾਂ/ ਲੁਧਿਆਣਾ, 18 ਦਸੰਬਰ (ਜਸਵੀਰ ਸਿੰਘ ਬੰਗਾ)- ਢੰਡਾਰੀ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਜੀਟੀ ਰੋਡ ਤੋਂ ਆਉਂਦੀ ਮੁੱਖ ਸੜਕ ਦਾ ਫੈਕਟਰੀ ਮਾਲਕਾਂ ਵੱਲੋਂ ਨਾਜਾਇਜ਼ ਤੌਰ 'ਤੇ ਸੀਵਰਜ ਦਾ ਤੇਜ਼ਾਬੀ ਪਾਣੀ ਸੜਕ 'ਤੇ ਛੱਡਣ ਕਾਰਨ ਬਹੁਤ ਬੁਰਾ ਹਾਲ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਾਲੀ ਮੁੱਖ ਸੜਕ ਤੇ ਮੌਜੂਦ ਫੈਕਟਰੀਆਂ ਵਾਲਿਆਂ ਵਲੋਂ ਰੋਜ਼ਾਨਾ ਫੈਕਟਰੀਆਂ ਦਾ ਤੇਜ਼ਾਬੀ ਪਾਣੀ ਸੜਕ 'ਤੇ ਛੱਡਿਆ ਜਾਂਦਾ ਹੈ ਜੋ ਕਿ ਅੱਗੇ ਆ ਕੇ ਗੁਰਦੁਆਰਾ ਸਾਹਿਬ ਨੂੰ ਆਉਂਦੀਆਂ ਗਲੀਆਂ ਵਿਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਇਸ ਇਲਾਕੇ ਵਿਚ ਰਹਿਣ ਵਾਲੇ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਕਿਉਂਕਿ ਇਹ ਤੇਜ਼ਾਬੀ ਪਾਣੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਨਗਰ ਨਿਗਮ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਮਿਲ ਕੇ ਬੇਨਤੀ ਵੀ ਕੀਤੀ ਜਾ ਚੁੱਕੀ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ, ਪ੍ਰੰਤੂ ਸਾਨੂੰ ਹਰ ਵਾਰੀ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਮੁੱਖ ਮੰਤਰੀ ਅਤੇ ਮੇਅਰ ਇੰਦਰਜੀਤ ਕੌਰ ਨੂੰ ਬੇਨਤੀ ਕੀਤੀ ਕਿ ਸਾਡੀ ਇਹ ਸਮੱਸਿਆ ਦਾ ਤੁਰੰਤ ਕੋਈ ਪੱਕਾ ਹੱਲ ਕੀਤਾ ਜਾਵੇ/ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਗੁਰਦੁਆਰਾ ਸਾਹਿਬ ਵਿਚ ਸ਼ਹੀਦੀ ਦਿਹਾੜੇ ਸਬੰਧੀ ਅਤੇ ਦਸਵੇਂ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਸਮਾਗਮ ਵੱਡੀ ਪੱਧਰ 'ਤੇ ਮਨਾਏ ਜਾਣੇ ਹਨ ਅਤੇ ਨਗਰ ਕੀਰਤਨ ਵੀ ਇਸੇ ਰੋਡ ਤੋਂ ਕੱਢਿਆ ਜਾਣਾ ਹੈ | ਪ੍ਰੰਤੂ ਜਿਸ ਤਰ੍ਹਾਂ ਦੇ ਸੜਕ ਦੇ ਹਾਲਾਤ ਹਨ ਉਸ ਮੁਤਾਬਕ ਲੱਗਦਾ ਹੈ ਕਿ ਸੰਗਤਾਂ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ ਤੋਂ ਵੀ ਵਾਂਝੀਆਂ ਰਹਿ ਜਾਣਗੀਆਂ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ ਅਤੇ ਸੜਕ ਉੱਪਰ ਨਾਜਾਇਜ਼ ਪਾਣੀ ਛੱਡਣ ਵਾਲੀਆਂ ਫੈਕਟਰੀਆਂ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪਰਮਜੀਤ ਸਿੰਘ ਪੰਮਾ, ਗੁਰਦੇਵ ਸਿੰਘ ਮਾਨ, ਮੋਹਨ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਪਿਛੋਰਾ ਸਿੰਘ, ਜਗਦੇਵ ਸਿੰਘ, ਸੁਰਿੰਦਰ ਸਿੰਘ, ਜੋਰਾ ਸਿੰਘ, ਸੁਖਚੈਨ ਸਿੰਘ, ਅਮਰਜੀਤ ਸਿੰਘ, ਜੋਬਨਪ੍ਰੀਤ ਸਿੰਘ, ਸਰਬਜੀਤ ਸਿੰਘ, ਮਨੀ ਗਰਚਾ, ਕਰਨ ਗਰਚਾ, ਪ੍ਰਦੀਪ ਗਰਚਾ, ਬਿੱਲੂ ਗਰਚਾ, ਪਿਆਰਾ ਸਿੰਘ, ਹਰਬੰਸ ਸਿੰਘ ਗਰਚਾ, ਰਣਜੀਤ ਸਿੰਘ ਗਰਚਾ, ਭਾਨਾ ਨਿਹੰਗ ਆਦਿ ਵੀ ਹਾਜ਼ਰ ਸਨ |