ਲੁਧਿਆਣਾ, 19 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵਲੋਂ ਬਣਾਏ ਫਲਾਈਓਵਰਾਂ ਹੇਠਾਂ ਬਣਨ ਵਾਲੀਆਂ ਗ੍ਰੀਨ ਬੈਲਟਾਂ ਆਪਣੇ ਮੂਲ ਮਕਸਦ ਤੋਂ ਦੂਰ ਨਜ਼ਰ ਆ ਰਹੀਆਂ ਹਨ | ਹਰਿਆਲੀ ਨੰੂ ਬਚਾਉਣ ਤੇ ਸ਼ਹਿਰ ਦੀ ਸੁੰਦਰਤਾ ਲਈ ਬਣਾਈਆਂ ਇਹ ਬੈਲਟਾਂ ਹੁਣ ਅਣਦੇਖੀ, ਗੰਦਗੀ ਤੇ ਅਸੁਰੱਖਿਆ ਦਾ ਪ੍ਰਤੀਕ ਬਣਦੀਆਂ ਜਾ ਰਹੀਆਂ ਹਨ | ਕੁੱਝ ਮਹੀਨੇ ਪਹਿਲਾ ਐਨ.ਐਚ.ਏ.ਆਈ. ਵਲੋਂ ਇਨ੍ਹਾਂ ਗ੍ਰੀਨ ਬੈਲਟਾਂ 'ਤੇ ਲੱਗੀਆਂ ਪੁਰਾਣੀਆਂ ਗਿ੍ੱਲਾਂ ਇਹ ਕਹਿ ਕੇ ਉਖਾੜ ਦਿੱਤੀਆਂ ਸਨ ਕਿ ਉਨ੍ਹਾਂ ਦੀ ਥਾਂ ਹੋਰ ਆਧੁਨਿਕ ਗਿ੍ੱਲਾਂ ਲਗਾਈਆਂ ਜਾਣਗੀਆਂ, ਪਰ ਅੱਜ ਤੱਕ ਸ਼ਹਿਰ ਦੇ ਕਿਸੇ ਵੀ ਫਲਾਈਓਵਰ ਹੇਠਾਂ ਨਵੀਆਂ ਗਿ੍ੱਲਾਂ ਲੱਗੀਆਂ ਨਜ਼ਰ ਨਹੀਂ ਆਈਆਂ | ਗਿੱ੍ਰਲਾਂ ਨਾ ਲੱਗਣ ਕਾਰਨ ਬੂਟਿਆਂ ਦੀ ਰੱਖਿਆ ਮੁਕੰਮਲ ਤੌਰ 'ਤੇ ਖ਼ਤਮ ਹੋ ਗਈ ਹੈ | ਹਰਿਆਲੀ ਦੀ ਸੰਭਾਲ ਨਾ ਹੋਣ ਕਾਰਨ ਕਈ ਥਾਵਾਂ 'ਤੇ ਬੂਟੇ ਸੁੱਕ ਗਏ ਹਨ | ਜਦਕਿ ਕਈ ਜਗ੍ਹਾਂ 'ਤੇ ਬੂਟੇ ਲਗਾਏ ਹੀ ਨਹੀਂ ਗਏ | ਨਤੀਜੇ ਵਜੋਂ ਫਲਾਈਓਵਰ ਹੇਠਾਂ ਜ਼ਮੀਨ ਸੁੰਨੀ ਪਈ ਹੈ, ਜਿਸ ਦਾ ਫ਼ਾਇਦਾ ਗੰਦਗੀ ਫੈਲਾਉਣ ਵਾਲੇ ਚੁੱਕ ਰਹੇ ਹਨ | ਇਨ੍ਹਾਂ ਥਾਵਾਂ 'ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸਫ਼ਾਈ ਪ੍ਰਣਾਲੀ 'ਤੇ ਵੀ ਸਵਾਲ ਖੜੇ੍ਹ ਹੋ ਰਹੇ ਹਨ | ਗ੍ਰੀਨ ਬੈਲਟਾਂ ਦੀ ਅਣਦੇਖੀ ਕਾਰਨ ਕਈ ਫਲਾਈਓਵਰਾਂ ਹੇਠਾਂ ਬੇਘਰਿਆਂ ਦੇ ਅਸਥਾਈ ਡੇਰੇ ਵੀ ਬਣ ਗਏ ਹਨ | ਇਸਤੋਂ ਇਲਾਵਾ ਗ੍ਰੀਨ ਬੈਲਟਾਂ ਵਿਚ ਬਣਾਏ ਗਏ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਵੀ ਕਈ ਥਾਵਾਂ ਤੋਂ ਟੁੱਟੇ ਹੋਏ ਹਨ | ਬਰਸਾਤੀ ਪਾਣੀ ਸੰਭਾਲਣ ਲਈ ਬਣਾਏ ਗਏ ਇਹ ਢਾਂਚੇ ਬਿਨਾਂ ਮੁਰੰਮਤ ਦੇ ਪਏ ਹਨ | ਸ਼ਹਿਰਵਾਸੀਆਂ ਨੇ ਮੰਗ ਕੀਤੀ ਹੈ ਕਿ ਐਨ.ਐਚ.ਏ.ਆਈ. ਤੁਰੰਤ ਇਸ ਮਾਮਲੇ ਵੱਲ ਧਿਆਨ ਦੇਵੇ ਤੇ ਫਲਾਈਓਵਰਾਂ ਹੇਠਾਂ ਗ੍ਰੀਨ ਬੈਲਟਾਂ ਦੀ ਸੰਭਾਲ ਲਈ ਠੋਸ ਕਦਮ ਚੁੱਕੇ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਹ ਗ੍ਰੀਨ ਬੈਲਟਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ ਤੇ ਸ਼ਹਿਰ ਨੰੂ ਵਾਤਾਵਰਣ ਨੁਕਸਾਨ ਭੁਗਤਣਾ ਪਵੇਗਾ |