ਲੁਧਿਆਣਾ, 19 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਦੇ ਕਰਤਾਰ ਚੌਕ ਨੇੜੇ ਟਿਊਸ਼ਨ ਪੜ੍ਹ ਕੇ ਵਾਪਸ ਘਰ ਆ ਰਹੇ ਵਿਦਿਆਰਥੀ 'ਤੇ ਕੁੱਝ ਹਥਿਆਰਬੰਦ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ | ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਜ਼ਖਮੀ ਹੋਏ ਲੜਕੇ ਸਮੀਰ ਵਰਮਾ ਦੀ ਮਾਂ ਅੰਜੂ ਵਰਮਾ ਵਾਸੀ ਨਿਊ ਜਨਤਾ ਨਗਰ ਦੀ ਸ਼ਿਕਾਇਤ 'ਤੇ ਰਿਸ਼ਵ ਮਨੀ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਟਿਊਸ਼ਨ ਪੜ੍ਹ ਕੇ ਵਾਪਸ ਘਰ ਆ ਰਿਹਾ ਸੀ, ਜਦੋਂ ਉਹ ਸਟੱਡੀ ਸੈਂਟਰ ਕਰਤਾਰ ਚੌਕ ਨੇੜੇ ਪਹੁੰਚਿਆ ਤਾਂ ਉਕਤ ਕਥਿਤ ਦੋਸ਼ੀਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਬਾਅਦ ਵਿਚ ਇਹ ਕਥਿਤ ਦੋਸ਼ੀ ਧਮਕੀਆਂ ਦੇ ਕੇ ਫ਼ਰਾਰ ਹੋ ਗਏ | ਸ਼ਰ੍ਹੇਆਮ ਹੋਈ ਇਸ ਗੁੰਡਾਗਰਦੀ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਅਕਸਰ ਬੱਚੇ ਉਕਤ ਇਲਾਕੇ ਵਿਚ ਟਿਊਸ਼ਨਾਂ ਪੜ੍ਹ ਕੇ ਵਾਪਸ ਘਰ ਜਾਂਦੇ ਹਨ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਹਨ | ਲੋਕਾਂ ਨੇ ਉਕਤ ਇਲਾਕੇ ਵਿਚ ਗਸ਼ਤ ਵਧਾਉਣ ਦੀ ਅਪੀਲ ਕੀਤੀ ਹੈ |