ਲੁਧਿਆਣਾ, 20 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਦੇ ਪੈਂਦੇ ਇਲਾਕੇ ਸੰਤ ਨਗਰ ਵਿਚ ਪਤੀ ਵਲੋਂ ਆਪਣੀ ਪਤਨੀ ਨੂੰ ਚਾਕੂ ਨਾਲ ਜ਼ਖਮੀ ਕਰਨ ਉਪਰੰਤ ਖੁਦ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਕ ਫ਼ੈਕਟਰੀ ਵਿਚ ਕੰਮ ਕਰਦੇ ਮਨੋਜ ਕੁਮਾਰ ਦਾ ਵਿਆਹ ਗੁੱਡੀ ਦੇਵੀ ਨਾਲ ਹੋਇਆ ਸੀ ਅਤੇ ਗੁੱਡੀ ਦੇਵੀ ਦਾ ਇਹ ਦੂਸਰਾ ਵਿਆਹ ਸੀ | ਉਨ੍ਹਾਂ ਦੇ ਤਿੰਨ ਬੱਚੇ ਹਨ | ਮਨੋਜ ਕੁਮਾਰ ਦੀ ਉਮਰ 52 ਸਾਲ ਦੇ ਕਰੀਬ ਹੈ | ਅੱਜ ਸਵੇਰੇ ਪਤੀ ਪਤਨੀ ਦਾ ਵਿਵਾਦ ਹੋ ਗਿਆ | ਇਸ ਵਿਵਾਦ ਦੇ ਚੱਲਦਿਆਂ ਮਨੋਜ ਕੁਮਾਰ ਵਲੋਂ ਆਪਣੇ ਪਾਸ ਰੱਖਿਆ ਚਾਕੂ ਕੱਢ ਲਿਆ ਅਤੇ ਗੁੱਡੀ ਦੇਵੀ ਦੇ ਢਿੱਡ 'ਤੇ ਕਈ ਵਾਰ ਕੀਤੇ | ਲਹੂ ਲੁਹਾਨ ਹੋਈ ਗੁੱਡੀ ਦੇਵੀ ਉੱਥੇ ਹੀ ਡਿਗ ਪਈ | ਮਨੋਜ ਕੁਮਾਰ ਵਲੋਂ ਆਪਣੇ ਆਪ ਦੇ ਢਿੱਡ ਵਿਚ ਵੀ ਚਾਕੂ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ | ਰੌਲੇ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਹਨਾਂ ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ, ਪਰ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਇਹਨਾਂ ਨੂੰ ਸੀ.ਐਮ.ਸੀ. ਹਸਪਤਾਲ ਭੇਜ ਦਿੱਤਾ | ਜਾਂਚ ਕਰ ਰਹੇ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਪਰ ਹਾਲ ਦੀ ਘੜੀ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |