ਲੁਧਿਆਣਾ, 21 ਦਸੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ ਸੈਂਕੜੇ ਐਂਬੂਲੈਂਸ ਚਾਲਕਾਂ ਨੇ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਡਾ. ਰਮਨਦੀਪ ਕੌਰ ਆਹਲੂਵਾਲੀਆ ਨੇ ਸ਼ਿਰਕਤ ਕੀਤੀ | ਆਪਣੇ ਸੰਬੋਧਨ ਵਿਚ ਡਾ. ਰਮਨਦੀਪ ਆਹਲੂਵਾਲੀਆ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਐਸ.ਪੀ.ਐਸ. ਹਸਪਤਾਲ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਅੱਜ ਐਂਬੂਲੈਂਸ ਚਾਲਕਾਂ ਨੂੰ ਮੁੱਢਲੀ ਸਹਾਇਤਾ ਦੇਣ ਪ੍ਰਤੀ ਜਾਗਰੂਕ ਕੀਤਾ ਗਿਆ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਸੀ.ਓ. ਯੋਗਿੰਦਰ ਨਾਥ ਅਵਧਿਆ ਨੇ ਕਿਹਾ ਕਿ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮੇਂ ਸਮੇਂ 'ਤੇ ਅਜਿਹੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ | ਇਸ ਮੌਕੇ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜੇਕਰ ਹਾਦਸੇ ਤੋਂ ਬਾਅਦ ਜਲਦੀ ਮਰੀਜ਼ ਨੂੰ ਹਸਪਤਾਲ ਲਿਆਂਦਾ ਜਾਵੇ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਟਰੈਫ਼ਿਕ ਪੁਲਿਸ ਦੀ ਇੰਸਪੈਕਟਰ ਦਵਿੰਦਰ ਕੌਰ ਤੇ ਬਾਹਰੋਂ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਵਿਨੇ ਨੇ ਐਂਬੂਲੈਂਸ ਚਾਲਕਾਂ ਨੂੰ ਬੀ.ਐਲ.ਐਸ. ਸਿਖਲਾਈ ਦਿੱਤੀ | ਇਸ ਮੌਕੇ ਅਮਿਤ ਅਰੋੜਾ, ਮਨਕਨਵਰ ਮਾਨ ਤੋਂ ਇਲਾਵਾ ਪੀ.ਆਰ.ਓ. ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ |