ਲੁਧਿਆਣਾ,24ਦਸੰਬਰ (ਜਤਿੰਦਰ ਭੰਬੀ)-ਕਈ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਅਤੇ ਪੈ ਰਹੀ ਧੁੰਦ ਕਾਰਨ ਠੰਡ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ, ਜਿਸਦੇ ਚੱਲਦਿਆਂ ਬਾਜ਼ਾਰਾਂ ਵਿਚ ਸਰਦੀਆਂ ਦੇ ਕੱਪੜਿਆਂ ਦੀ ਖ਼ਰੀਦਦਾਰੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ, ਜਿਸ ਨੂੰ ਲੈ ਕੇ ਜਿੱਥੇ ਦੁਕਾਨਦਾਰ ਵੱਡੇ ਪੱਧਰ 'ਤੇ ਆਪਣਾ ਸਟਾਕ ਕੱਢਣ ਵਿਚ ਲੱਗੇ ਹੋਏ ਹਨ, ਉਥੇ ਹੀ ਦੁਕਾਨਦਾਰਾਂ ਦੇ ਨਾਲ-ਨਾਲ ਹੌਜ਼ਰੀ ਕਾਰੋਬਾਰੀਆਂ ਵਲੋਂ ਵੀ ਇਹ ਅਨੁਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿ ਸ਼ਾਇਦ ਇਸ ਵਰ੍ਹੇ ਲੱਗਣ ਵਾਲ ਸੀਜ਼ਨ ਚੰਗਾ ਰਹੇਗਾ, ਪਰ ਹਾਲ ਦੀ ਘੜੀ ਅਜਿਹਾ ਕੁੱਝ ਵੀ ਤਾਂ ਦੇਖਣ ਨੂੰ ਨਹੀਂ ਮਿਲਿਆ | ਇਸ ਦਾ ਵੱਡਾ ਕਾਰਨ ਠੰਡ ਦਾ ਦੇਰੀ ਨਾਲ ਪੈਣਾ ਵੀ ਹੈ | ਇਸ ਸਬੰਧੀ ਇਕ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਈ ਸਮਾਂ ਸੀ, ਸਰਦੀਆਂ ਦੇ ਸੀਜ਼ਨ ਵਿਚ ਜਿੱਥੇ ਹੌਜ਼ਰੀ ਵਾਲਿਆਂ ਦਾ ਕਾਰੋਬਾਰ ਬਹੁਤ ਹੀ ਵਧੀਆ ਗਿਣਿਆ ਜਾਂਦਾ ਸੀ, ਉਥੇ ਹੀ ਅਸੀਂ ਵੀ ਸਰਦੀ ਦਾ ਸੀਜ਼ਨ ਵਧੀਆ ਲਗਾ ਲੈਂਦੇ ਸੀ ਅਤੇ ਕਈ ਮਹੀਨੇ ਠੰਡ ਰਹਿੰਦੀ ਸੀ, ਪਰ ਬਦਲਦੇ ਮੌਸਮ ਦੇ ਮਿਜ਼ਾਜ ਨੇ ਸਭ ਕੁੱਝ ਹੀ ਬਦਲ ਕੇ ਰੱਖ ਦਿੱਤਾ, ਜਿਸ ਕਰਕੇ ਸਰਦੀ ਦਾ ਸਮਾਂ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ, ਜੋ ਕਿ ਹੌਜ਼ਰੀ ਦੇ ਕਾਰੋਬਾਰ 'ਤੇ ਮਾੜਾ ਪ੍ਰਭਾਵ ਤਾਂ ਪਾ ਹੀ ਰਿਹਾ ਹੈ | ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਨਅਤੀ ਸ਼ਹਿਰ ਲੁਧਿਆਣਾ ਦੇ ਚੌੜੇ ਬਾਜ਼ਾਰ ਵਿਚ ਅੱਜ ਸਰਦੀ ਵਾਲੇ ਕੱਪੜੇ ਖ਼ਰੀਦਣ ਦੀ ਵਧੇਰੇ ਭੀੜ ਦੇਖਣ ਨੂੰ ਮਿਲੀ | ਇਸੇ ਤਰ੍ਹਾਂ ਫ਼ੀਲਡ ਗੰਜ, ਕਰੀਮਪੁਰਾ ਵਿਚ ਵੀ ਸਰਦੀ ਵਾਲੇ ਕੱਪੜਿਆਂ ਦੀ ਲੋਕ ਚੰਗੀ ਖ਼ਰੀਦੋ ਫ਼ਰੋਖ਼ਤ ਕਰਦੇ ਦਿਖਾਈ ਦਿੱਤੇ |