ਲੁਧਿਆਣਾ, 25 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ 18 ਸਾਲਾ ਅਰਸ਼ ਜਾਂਗੜਾ ਦੀ ਬੇਰਹਿਮੀ ਨਾਲ ਹੱਤਿਆ ਦੇ ਦੋਸ਼ ਵਿਚ ਚਾਰ ਦੋਸ਼ੀਆਂ ਨੂੰ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿਚ ਸਤਵੰਤ ਸਿੰਘ ਉਰਫ਼ ਸੱਤੀ ਅਤੇ ਸਾਹਿਬਜੋਤ ਸਿੰਘ ਉਰਫ਼ ਜੋਤੀ, ਦੋਵੇਂ ਵਾਸੀ ਪ੍ਰਤਾਪ ਨਗਰ, ਲੁਧਿਆਣਾ ਅਤੇ ਮਨਿੰਦਰਜੀਤ ਸਿੰਘ ਉਰਫ਼ ਸੰਨੀ ਉਰਫ਼ ਕੂਕਾ ਅਤੇ ਗੁਰਪ੍ਰੀਤ ਸਿੰਘ ਉਰਫ਼ ਦਾਰਾ, ਦੋਵੇਂ ਵਾਸੀ ਭਗਵਾਨ ਨਗਰ ਸ਼ਾਮਲ ਹਨ | ਇਹ ਮਾਮਲਾ 24 ਜੂਨ, 2013 ਦਾ ਹੈ, ਜਦੋਂ ਮਿ੍ਤਕ ਦੇ ਚਾਚਾ ਦਿਨੇਸ਼ ਕੁਮਾਰ ਦੇ ਬਿਆਨ 'ਤੇ ਸ਼ਿਮਲਾਪੁਰੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ | ਦਿਨੇਸ਼ ਕੁਮਾਰ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ, ਉਹ, ਉਸਦੇ ਮਾਤਾ-ਪਿਤਾ ਗੁਰਦਿਆਲ ਜਾਂਗੜਾ, ਕਮਲੇਸ਼ ਜਾਂਗੜਾ ਅਤੇ ਉਸਦਾ ਭਤੀਜਾ ਅਰਸ਼ ਜਾਂਗੜਾ ਘਰ ਬੈਠੇ ਟੈਲੀਵਿਜ਼ਨ ਦੇਖ ਰਹੇ ਸਨ, ਜਦੋਂ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਅਰਸ਼ ਦੇਖਣ ਲਈ ਹੀ ਬਾਹਰ ਚਲਾ ਗਿਆ, ਜਿਸ ਤੋਂ ਬਾਅਦ ਉੱਚੀਆਂ ਆਵਾਜ਼ਾਂ ਸੁਣੀਆਂ ਗਈਆਂ | ਦਿਨੇਸ਼ ਕੁਮਾਰ ਅਤੇ ਉਸਦੇ ਪਿਤਾ ਬਾਹਰ ਭੱਜੇ, ਸਾਹਿਬਜੋਤ ਸਿੰਘ ਉਰਫ਼ ਜੋਤੀ ਅਤੇ ਮਨਿੰਦਰਜੀਤ ਸਿੰਘ ਉਰਫ਼ ਕੂਕਾ ਨੇ ਅਰਸ਼ ਜਾਂਗੜਾ ਨੂੰ ਫੜਿਆ ਹੋਇਆ ਸੀ, ਜਦੋਂ ਕਿ ਸਤਵੰਤ ਸਿੰਘ ਉਰਫ਼ ਸੱਤੀ ਨੇ ਉਸਦੀ ਛਾਤੀ ਦੇ ਖੱਬੇ ਪਾਸੇ ਦਿਲ ਦੇ ਨੇੜੇ ਚਾਕੂ ਨਾਲ ਵਾਰ ਕੀਤਾ | ਬਾਅਦ ਵਿਚ ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਲੈ ਕੇ ਭੱਜ ਗਏ | ਜ਼ਖਮੀ ਨੂੰ ਤੁਰੰਤ ਇਕ ਨਿੱਜੀ ਕਾਰ ਵਿਚ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਸ਼ ਜਾਂਗੜਾ ਨੂੰ ਮਿ੍ਤਕ ਐਲਾਨ ਦਿੱਤਾ | ਕਤਲ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਗਿਆ ਸੀ | ਅਦਾਲਤ ਵਿਚ ਦੋਸ਼ੀਆਂ ਵਲੋਂ ਭਾਵੇਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ, ਪਰ ਮਾਨਯੋਗ ਜੱਜ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ |