ਲੁਧਿਆਣਾ, 25 ਦਸੰਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਨੰੂ ਸਮਾਰਟ ਸਿਟੀ ਬਣਾਉਣ ਦੇ ਨਗਰ ਨਿਗਮ ਵਲੋਂ ਨਿਰੰਤਰ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨੰੂ ਖੁੱਲ੍ਹੀ ਚੁਣੌਤੀ ਦੇ ਰਹੀ ਹੈ | ਸ਼ਹਿਰ ਦੇ ਇਤਿਹਾਸਕ ਚਤਰ ਸਿੰਘ ਪਾਰਕ ਜੋ ਕਦੇ ਆਜ਼ਾਦੀ ਸੰਘਰਸ਼, ਲੋਕ ਜਾਗਰੂਕਤਾ ਅਤੇ ਅੰਦੋਲਨਾਂ ਦਾ ਕੇਂਦਰ ਰਿਹਾ, ਅੱਜ ਅਣਦੇਖੀ, ਗੰਦਗੀ ਅਤੇ ਬਤਰਤੀਬੀ ਦੀ ਮਾਰ ਹੇਠ ਹੈ | ਪਾਰਕ ਦੇ ਬਾਹਰ ਕਈ ਥਾਵਾਂ ਤੇ ਨਾਜਾਇਜ਼ ਕਬਜ਼ੇ ਸਪੱਸ਼ਟ ਨਜ਼ਰ ਆ ਰਹੇ ਹਨ | ਇਨ੍ਹਾਂ ਕਬਜ਼ਿਆਂ ਕਾਰਨ ਪਾਰਕ ਦਾ ਮੂਲ ਦਾਖਲਾ ਅਤੇ ਆਲੇ ਦੁਆਲੇ ਦੀ ਖੁੱਲ੍ਹੀ ਜਗ੍ਹਾ ਤੰਗ ਹੋ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਨਿਯਮਾਂ ਅਨੁਸਾਰ ਜਨਤਕ ਪਾਰਕਾਂ ਦੇ ਆਲੇ-ਦੁਆਲੇ ਨਿਰਧਾਰਤ ਖੁੱਲ੍ਹਾ ਖੇਤਰ ਹੋਣਾ ਚਾਹੀਦਾ ਹੈ, ਪਰ ਇੱਥੇ ਇਸਦੀ ਪਾਲਣੀ ਹੁੰਦੀ ਨਹੀਂ ਦਿਸਦੀ | ਪਾਰਕ ਦੇ ਅੰਦਰ ਸਫਾਈ ਪ੍ਰਬੰਧਾਂ ਦੀ ਹਾਲਤ ਵੀ ਚਿੰਤਾਜਨਕ ਹੈ | ਕਈ ਦਿਨਾਂ ਤਕ ਕੂੜਾ ਨਾ ਚੁੱਕੇ ਜਾਣ ਦੀਆਂ ਸ਼ਿਕਾਇਤਾਂ ਹਨ | ਡਸਟਬਿਨਾਂ ਦੀ ਘਾਟ ਹੈ ਅਤੇ ਘਾਹ, ਪੌਦਿਆਂ ਦੀ ਨਿਯਮਿਤ ਕਟਾਈ ਨਹੀਂ ਕੀਤੀ ਜਾ ਰਹੀ ਹੈ | ਲਾਈਟਾਂ ਦੀ ਮੁਰੰਮਤ ਸਮੇਂ ਸਿਰ ਨਹੀਂ ਹੋ ਰਹੀ ਹੈ | ਸਥਾਨਕ ਨਿਵਾਸੀਆਂ ਅਤੇ ਸਵੇਰ ਦੀ ਸੈਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪਾਰਕ ਦੀ ਨਿਯਮਿਤ ਦੇਖਭਾਲ ਲਈ ਜ਼ਿੰਮੇਵਾਰ ਅਧਿਕਾਰੀ ਮੈਦਾਨ ਵਿਚ ਨਜ਼ਰ ਨਹੀਂ ਆਉਂਦਾ | ਉਨ੍ਹਾਂ ਦਾ ਕਹਿਣਾ ਹੈ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਵਿਚ ਵਿਕਾਸ ਕਾਰਜਾਂ ਲਈ ਬਜਟ ਤੇ ਯੋਜਨਾਵਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਇਤਿਹਾਸਕ ਪਾਰਕਾਂ ਦੀ ਸੰਭਾਲ ਉਸੇ ਤਰ੍ਹਾਂ ਪਹਿਲ 'ਚ ਨਹੀਂ ਦਿਸਦੀ | ਜ਼ਿਕਰਯੋਗ ਹੈ ਕਿ ਚਤਰ ਸਿੰਘ ਪਾਰਕ ਆਜ਼ਾਦੀ ਤੋਂ ਪਹਿਲਾਂ ਮੀਟਿੰਗਾਂ, ਵਿਚਾਰ-ਵਟਾਂਦਰਿਆ ਅਤੇ ਸੰਘਰਸ਼ੀ ਇਕੱਠਾਂ ਦਾ ਗਵਾਹ ਰਿਹਾ ਹੈ | ਆਜ਼ਾਦੀ ਤੋਂ ਬਾਅਦ ਵੀ ਇਹ ਥਾਂ ਧਰਨਿਆਂ, ਪ੍ਰਦਰਸ਼ਨਾਂ ਤੇ ਸਮਾਜਿਕ-ਰਾਜਨੀਤਿਕ ਅੰਦੋਲਨਾਂ ਦਾ ਕੇਂਦਰ ਬਣਿਆ ਰਿਹਾ | ਸ਼ਹਿਰ ਦੀ ਲੋਕਤੰਤਰ ਯਾਦ ਵਿਚ ਇਸ ਪਾਰਕ ਦੀ ਵਿਸ਼ੇਸ਼ ਥਾਂ ਹੈ | ਪਰ ਅੱਜ ਇਹ ਵਿਰਾਸਤ ਅਣਦੇਖੀ ਦੇ ਭਾਰ ਹੇਠ ਦਬੀ ਹੋਈ ਹੈ | ਲੋਕਾਂ ਦਾ ਕਹਿਣਾ ਹੈ ਕਿ ਸਮਾਰਟ ਸਿਟੀ ਦਾ ਅਰਥ ਸਿਰਫ ਸੜਕਾਂ, ਲਾਈਟਾਂ ਤੇ ਪ੍ਰਾਜੈਕਟਾਂ ਤੱਕ ਸੀਮਿਤ ਰਿਹਾ, ਤਾਂ ਇਤਿਹਾਸਕ ਧਰੋਹਰਾਂ ਦੀ ਪਹਿਚਾਣ ਮਿਟਦੀ ਚੱਲ ਜਾਵੇਗੀ | ਉਨ੍ਹਾਂ ਮੁਤਾਬਕ ਜਨਤਕ ਪਾਰਕਾਂ ਦੀ ਸੰਭਾਲ, ਕਬਜਾ ਮੁਕਤੀ ਤੇ ਨਿਯਮਤ ਰੱਖ ਰਖਾਵ ਵੀ ਸਮਾਰਟ ਸਿਟੀ ਦੇ ਮੂਲ ਅੰਸ਼ ਹੋਣੇ ਚਾਹੀਦੇ ਹਨ |