ਲੁਧਿਆਣਾ, 25 ਦਸੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੀਤੇ ਸਮੇਂ ਦੌਰਾਨ ਸਕੂਲਾਂ ਵਿਚ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਨੰੂ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੱਡੀ ਉਪਲਬਧੀ ਵਜੋਂ ਪੇਸ਼ ਕੀਤਾ ਗਿਆ | ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿਚ ਨਵੀਆਂ ਇਮਾਰਤਾਂ ਦੇ ਉਦਘਾਟਨ ਧੜਾਧੜ ਕਰਵਾਏ ਗਏ | ਪਰ ਹਕੀਕਤ ਇਹ ਹੈ ਕਿ ਇਸ ਮੁਹਿੰਮ ਦਾ ਸਾਰਾ ਭਾਰ ਅਧਿਆਪਕਾਂ 'ਤੇ ਪਾ ਦਿੱਤਾ ਗਿਆ | ਜਦਕਿ ਖਰਚੇ ਦੇ ਪੈਸੇ ਅਜੇ ਤੱਕ ਸਿੱਖਿਆ ਵਿਭਾਗ ਵਲੋਂ ਨਹੀਂ ਦਿੱਤੇ ਗਏ | ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਸਕੂਲਾਂ ਵਿਚ ਹੋਏ ਉਦਘਾਟਨ ਸਮਾਗਮਾਂ ਲਈ ਵਿਭਾਗ ਵਲੋਂ ਉਨ੍ਹਾਂ ਨੰੰੂ ਪ੍ਰਬੰਧ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ | ਇਸ ਦੌਰਾਨ ਉਦਘਾਟਨੀ ਪੱਥਰ, ਟੈਂਟ, ਕੁਰਸੀਆਂ, ਖਾਣ ਪੀਣ ਤੇ ਹੋਰ ਇੰਤਜਾਮਾਂ ਤੇ ਅਧਿਆਪਕਾਂ ਨੇ ਆਪਣੀ ਜੇਬ ਵਿਚੋਂ ਹਜ਼ਾਰਾਂ ਰੁਪਏ ਖਰਚ ਕੀਤੇ | ਅਧਿਆਪਕਾਂ ਮੁਤਾਬਿਕ ਬਾਅਦ ਵਿਚ ਸਿੱਖਿਆ ਵਿਭਾਗ ਵਲੋਂ ਸਕੂਲ ਮੁਖੀਆਂ ਨੰੂ ਦਸ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ, ਉਹ ਵੀ ਜੀ.ਐਸ.ਟੀ. ਬਿੱਲ ਦੀ ਸ਼ਰਤ ਨਾਲ | ਹੈਰਾਨੀ ਦੀ ਗੱਲ ਹੈ ਕਿ ਇਸ ਦੱਸ ਹਜ਼ਾਰ ਰੁਪਏ ਵਿਚੋਂ ਵੀ ਜੀ.ਐਸ.ਟੀ ਕੱਟ ਲਿਆ ਗਿਆ, ਜਿਸ ਵਿਚੋਂ ਮੂਲ ਰਕਮ ਹੋਰ ਘੱਟ ਗਈ ਪਰ ਇਸ ਸਭ ਦੇ ਬਾਵਜੂਦ, ਅਧਿਆਪਕਾਂ ਨੰ ਅਜੇ ਤੱਕ ਇਹ ਰਕਮ ਵੀ ਨਹੀਂ ਮਿਲੀ | ਅਧਿਆਪਕਾਂ ਦਾ ਕਹਿਣਾ ਹੈ ਕਿ ਮੁਹਿੰਮ ਦੇ ਨਾਂ ਅਤੇ ਉਨ੍ਹਾਂ ਨਾਲ ਵਾਅਦੇ ਤਾਂ ਕੀਤੇ ਗਏ, ਪਰ ਭੁਗਤਾਨ ਦੇ ਮਾਮਲੇ ਵਿਚ ਵਿਭਾਗ ਪੂਰੀ ਤਰ੍ਹਾਂ ਨਾਕਾਮ ਨਜ਼ਰ ਆ ਰਿਹਾ ਹੈ | ਕਈ ਸਕੂਲ ਮੁਖੀਆਂ ਨੇ ਇਸ ਸਬੰਧੀ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ | ਜਦੋਂ ਇਸ ਮਾਮਲੇ ਤੇ ਡੀਈੳ (ਸੈਕੰਡਰੀ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੋਨ ਨਹੀਂ ਚੁੱਕਿਆ ਗਿਆ |