ਲੁਧਿਆਣਾ, 27 ਦਸੰਬਰ (ਡਾ. ਤਰਲੋਚਨ ਸਿੰਘ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ, ਪੰਜਾਬ ਦੀ ਇਕ ਮੀਟਿੰਗ ਈਸੜੂ ਭਵਨ, ਲੁਧਿਆਣਾ ਵਿਖੇ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਰਕਾਰਾਂ ਦੀ ਲਾਰਾ ਲਾਊ ਨੀਤੀ ਦੀ ਨਿਖੇਧੀ ਕੀਤੀ | ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਨਵੀਨਰ ਰਮੇਸ਼ ਗੈਜੰਡ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਫ਼ੈਸਲਾ ਲੈ ਕੇ ਦੱਸਿਆ ਕਿ ਲਾਰਿਆਂ ਵਿਚ ਸਰਕਾਰ ਦੁਆਰਾ 4 ਵਾਰ ਮੀਟਿੰਗ ਰੱਖ ਕੇ ਅੱਗੇ ਪਾਈ ਜਾ ਰਹੀ ਹੈ | ਸਰਕਾਰ ਵਲੋਂ ਹੁਣ ਜੋ 12 ਜਨਵਰੀ 2026 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਇਸ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ ਪੰਜਾਬ ਵਿਚ ਮਿਤੀ 19-01-26 ਤੋਂ 21-01-2026 ਤੱਕ ਅਰਥੀ ਫੂਕ, ਪੀਪਾ ਖੜਕਾਊ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਜੇਕਰ ਫਿਰ ਵੀ ਸਰਕਾਰ ਦੇ ਕੰਨਾਂ 'ਤੇ ਜੰੂ ਤੱਕ ਨਹੀਂ ਸਰਕਦੀ ਤਾਂ ਪੂਰੇ ਪੰਜਾਬ ਵਿਚ ਹੜਤਾਲ ਵੀ ਹੋ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੇ ਲੋਕ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਹਰੇਕ ਦਫ਼ਤਰਾਂ ਵਿਚ ਬਿਠਾਏ ਹੋਏ ਹਨ, ਉਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ | ਮੀਟਿੰਗ ਵਿਚ ਅਸ਼ੋਕ ਸਾਰਵਾਨ, ਗੋਪਾਲ ਥਾਪਰ, ਸੋਮਨਾਥ ਚੋਂਬੜ, ਬੂਟਾ ਰਾਮ, ਰਜਿੰਦਰ ਗੱਗੂ, ਸੋਮਨਾਥ ਆਦੀਆ, ਲਲਿਤ ਕੁਮਾਰ, ਸਲਾਹਕਾਰ ਕੁਲਦੀਪ ਸ਼ਰਮਾ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ |