ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਵੇਂ ਸਾਲ ਦੀ ਆਮਦ ਮੌਕੇ ਹੋਣ ਵਾਲੇ ਜਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਮੁਕੱਦਮੇ ਦਰਜ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਨ੍ਹਾਂ ਮਾਮਲਿਆਂ 'ਤੇ ਚਿੰਤਾ ਪ੍ਰਗਟ ਕੀਤੀ, ਜਿੱਥੇ ਲਾਈਵ ਸ਼ੋਅ ਅਤੇ ਡੀ.ਜੇ. ਪਾਰਟੀਆਂ ਦੌਰਾਨ ਬਿਨਾਂ ਇਜਾਜ਼ਤ ਦੇ ਸ਼ਰਾਬ ਜਾਂ ਬੀਅਰ ਪਰੋਸੀ ਜਾਂਦੀ ਹੈ, ਜਿਸ ਨਾਲ ਕਾਨੂੰਨ ਵਿਵਸਥਾ ਵਿਚ ਵਿਘਨ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਹੁਣ ਰੈਸਟੋਰੈਂਟ ਅਤੇ ਬਾਰ ਮਾਲਕ ਕੰਮਕਾਜ਼ੀ ਘੰਟਿਆਂ ਦੌਰਾਨ ਹੀ ਆਪਣੀਆਂ ਸੰਸਥਾਵਾਂ ਵਿਚ ਕੰਮਕਾਜ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਦੇਰ ਰਾਤ ਤੱਕ ਬਾਰ ਅਤੇ ਰੈਸਟੋਰੈਂਟ ਖੋਲ੍ਹਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇ | ਉਨ੍ਹਾਂ ਦੱਸਿਆ ਕਿ ਸਬੰਧਿਤ ਰੈਸਟੋਰੈਂਟਾਂ ਅਤੇ ਬਾਰ ਮਾਲਕਾਂ ਨੂੰ ਨਕਲੀ ਅਤੇ ਜਾਅਲੀ ਸ਼ਨਾਖਤੀ ਕਾਰਡਾਂ ਦੇ ਰੁਝਾਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਡੀ.ਜੇ. ਪਾਰਟੀਆਂ ਅਤੇ ਹੋਰ ਅਜਿਹੇ ਪ੍ਰੋਗਰਾਮ ਨਿਰਧਾਰਿਤ ਘੰਟਿਆਂ ਦੇ ਅੰਦਰ ਖਤਮ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਹਨਾਂ ਹੁਕਮਾਂ ਦੀ ਪਾਲਨਾ ਨੂੰ ਯਕੀਨੀ ਬਣਾਉਣ ਲਈ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਦੀ ਅਗਵਾਈ ਹੇਠ ਵਿਸ਼ੇਸ਼ ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਨਾਲ ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.)/ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.), ਆਬਕਾਰੀ ਅਧਿਕਾਰੀ ਅਤੇ ਫੂਡ ਸੇਫ਼ਟੀ ਅਧਿਕਾਰੀ ਸ਼ਾਮਿਲ ਹਨ | ਇਹ ਟੀਮਾਂ ਜ਼ਿਲੇ੍ਹ ਭਰ ਵਿਚ ਬੇਤਰਤੀਬ ਜਾਂਚ ਕਰ ਰਹੀਆਂ ਹਨ | ਡੀ.ਸੀ. ਜੈਨ ਨੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਨਿਰਦੇਸ਼ਾਂ ਦੀ ਕਿਸੇ ਵੀ ਉਲੰਘਣਾ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਸਥਾਪਨਾ ਮਾਲਕਾਂ ਅਤੇ ਹੋਰ ਸ਼ਾਮਿਲ ਵਿਅਕਤੀਆਂ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਸਖ਼ਤੀ ਭਰੇ ਲਿਹਾਜੇ ਵਿਚ ਕਿਹਾ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |