ਡੇਰਾਬੱਸੀ, 1 ਜੂਨ (ਗੁਰਮੀਤ ਸਿੰਘ)-ਡੇਰਾਬੱਸੀ ਸ਼ਹਿਰ 'ਚ ਸਾਫ਼ ਸਫ਼ਾਈ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ | ਇਲਾਕੇ ਦੇ ਵੱਖ-ਵੱਖ ਮੁਹੱਲਿਆਂ ਤੇ ਗਲੀਆਂ 'ਚ ਕੂੜਾ-ਕਰਕਟ ਪਿਆ ਹੋਇਆ ਹੈ, ਜਿਸ ਕਾਰਨ ਵਸਨੀਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਡਰੇਨੇਜ ਨਾਲੇ ਗੰਦਗੀ ਨਾਲ ਭਰੇ ਪਏ ਹਨ, ਪਾਣੀ ਨੂੰ ਨਿਕਲਣ ਦਾ ਰਾਹ ਨਾ ਮਿਲਣ ਕਰਕੇ ਦੂਸ਼ਿਤ ਪਾਣੀ ਬਾਹਰ ਨਿਕਲ ਜਾਂਦਾ ਹੈ | ਸ਼ਿਕਾਇਤ ਕਰਨ 'ਤੇ ਕੋਈ ਸੁਣਵਾਈ ਨਹੀਂ ਕਰਦਾ | ਥੱਕ ਹਾਰ ਕੇ ਲੋਕਾਂ ਨੂੰ ਆਪ ਹੀ ਗੰਦਗੀ ਸਾਫ ਕਰਨੀ ਪੈਂਦੀ ਹੈ | ਅਜਿਹਾ ਹਾਲ ਪਾਣੀ ਦੀ ਟੈਂਕੀ ਨੇੜੇ ਪਾਰਕ ਵਾਲੇ ਖੇਤਰ 'ਚ ਵੇਖਣ ਨੂੰ ਮਿਲਿਆ | ਇਥੇ ਇਕ ਵਿਅਕਤੀ ਨੂੰ ਆਪ ਹੀ ਡਰੇਨੇਜ ਨਾਲਾ ਸਾਫ ਕਰ ਗੰਦਗੀ ਬਾਹਰ ਕੱਢਦੇ ਵੇਖਿਆ | ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਕਈ ਵਾਰ ਵੇਖਣ 'ਚ ਆਇਆ ਹੈ ਕਿ ਡਰੇਨੇਜ ਨਾਲੇ ਦੀ ਸਫ਼ਾਈ ਕਰਕੇ ਸਫ਼ਾਈ ਕਰਮੀ ਕੂੜਾ ਸੜਕ 'ਤੇ ਹੀ ਸੁੱਟ ਦਿੰਦੇ ਹਨ | ਗਰਮੀ ਦੇ ਮੌਸਮ 'ਚ ਕੂੜਾ ਪਿਆ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣ ਜਾਂਦਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਸਫ਼ਾਈ ਦੀ ਚੰਗੀ ਵਿਵਸਥਾ ਕਰੇ ਅਤੇ ਇਲਾਕੇ ਦੀ ਸਫ਼ਾਈ ਨਿਯਮਿਤ ਤੌਰ 'ਤੇ ਕਰਵਾਈ ਜਾਵੇ, ਤਾਂ ਜੋ ਵਸਨੀਕਾਂ ਨੂੰ ਸਿਹਤਮੰਦ ਵਾਤਾਵਰਨ ਮਿਲ ਸਕੇ |