ਜ਼ੀਰਕਪੁਰ, 2 ਜੂਨ (ਹੈਪੀ ਪੰਡਵਾਲਾ)-ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਰਗੀ ਭੈੜੀ ਅਲਾਮਤ ਤੋਂ ਬਚਾ ਕੇ ਖੇਡਾਂ ਵੱਲ ਆਕਰਸ਼ਿਤ ਕਰਨ ਤੇ ਵਿਦੇਸ਼ ਜਾਣ ਦੀ ਹੋੜ ਤੋਂ ਬਚਾਉਣ ਲਈ ਇਥੇ ਹੀ ਸੰਭਵ ਸਾਧਨ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਆਪਣੇ ਪੈਰਾਂ ਸਿਰ ਖੜ੍ਹੀ ਹੋ ਸਕੇ | ਇਹ ਵਿਚਾਰ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਉੱਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਸਾਂਝੇ ਕੀਤੇ | ਉਹ ਸਮੈਸ਼ਰਜ਼ ਬੈਡਮਿੰਟਨ ਕਲੱਬ ਢਕੌਲੀ ਵਲੋਂ ਕਰਵਾਏ ਟੂਰਨਾਮੈਂਟ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ | ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਖਿਡਾਰੀਆਂ ਨਾਲ ਜਾਣ-ਪਛਾਣ ਦੌਰਾਨ ਉਨ੍ਹਾਂ ਆਖਿਆ ਕਿ ਸਮੈਸ਼ਰਜ਼ ਬੈਡਮਿੰਟਨ ਕਲੱਬ ਨੌਜਵਾਨਾਂ ਨੂੰ ਸਹੀ ਪਲੇਟਫਾਰਮ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਹਲਕੇ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕੇ 'ਚ ਬੈਡਮਿੰਟਨ ਖੇਡ ਦੇ ਪਸਾਰ ਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਲਈ ਉਪਰਾਲੇ ਕਰਨ ਦੇ ਨਾਲ-ਨਾਲ ਹੋਰ ਬੈਡਮਿੰਟਨ ਕੋਰਟ ਮੁਹੱਈਆ ਕਰਵਾਉਣ ਲਈ ਯਤਨ ਤੇਜ਼ ਕੀਤੇ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ 2027 'ਚ ਪੰਜਾਬ 'ਚ ਭਾਜਪਾ ਦੀ ਹਕੂਮਤ ਹੋਵੇਗੀ, ਜਿਸ ਦੀ ਅਗਵਾਈ ਹੇਠ ਸੂਬੇ 'ਚ ਖੇਡ ਪੱਖੀ ਮਾਹੌਲ ਸਿਰਜਣ ਲਈ ਵੱਡੇ ਕੰਮ ਕੀਤੇ ਜਾਣਗੇ, ਜੋ ਕਿ ਸਮਾਜ ਸੇਵੀ ਹੋਣ ਦੇ ਨਾਤੇ ਉਨ੍ਹਾਂ ਦੇ ਏਜੰਡੇ 'ਚ ਵੀ ਸ਼ਾਮਿਲ ਹਨ | ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ 11 ਹਜ਼ਾਰ ਰੁ. ਦੀ ਰਾਸ਼ੀ ਵੀ ਭੇਟ ਕੀਤੀ | ਇਸ ਮੌਕੇ ਹਰਪ੍ਰੀਤ ਸਿੰਘ ਟਿੰਕੂ, ਪੁਸ਼ਪਿੰਦਰ ਮਹਿਤਾ, ਸਨੰਤ ਭਾਰਦਵਾਜ, ਸੁਰਿੰਦਰ ਸਿੰਘ, ਸੁਸ਼ਾਂਤ ਭਾਤਰਾ ਅਤੇ ਟੂਰਨਾਮੈਂਟ ਦੇ ਪ੍ਰਬੰਧਕ ਪਿ੍ੰਸ, ਹਾਰਦਿਕ ਨੇਗੀ ਤੇ ਨਵਦੇਵ ਆਦਿ ਵੀ ਹਾਜ਼ਰ ਸਨ |