ਐੱਸ. ਏ. ਐੱਸ. ਨਗਰ, 2 ਜੂਨ (ਕਪਿਲ ਵਧਵਾ)-ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਮਾਨਵੀ ਨਾਂਅ ਦੇ ਟਰਾਂਸਜੈਂਡਰ ਨੂੰ ਜ਼ਮਾਨਤ ਦੇ ਦਿੱਤੀ ਹੈ | ਜਾਣਕਾਰੀ ਅਨੁਸਾਰ ਮਾਨਵੀ ਨੂੰ ਥਾਣਾ ਮਟੌਰ ਦੀ ਪੁਲਿਸ ਨੇ 13 ਮਈ ਨੂੰ ਕਥਿਤ ਤੌਰ 'ਤੇ ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿਖੇ ਲੜਕੀ ਬਣ ਲੋਕਾਂ ਨਾਲ ਦੋਸਤੀ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਸੀ | ਇਸ ਸੰਬੰਧੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰਾਂਸਜੈਂਡਰਾਂ ਦਾ ਇਕ ਗਰੋਹ ਸੈਲਾਨੀਆਂ ਤੇ ਆਮ ਨਾਗਰਿਕਾਂ ਨੂੰ ਹਨੀ-ਟ੍ਰੈਪ 'ਚ ਫਸਾ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਜਨਤਕ ਕਰਨ ਦੀ ਧਮਕੀ ਦਿੰਦਿਆਂ ਪੈਸੇ ਵਸੂਲਦੇ ਹਨ | ਇਸ ਤੋਂ ਬਾਅਦ ਪੁਲਿਸ ਨੇ ਉਕਤ ਮਾਰਕੀਟ ਵਿਖੇ ਛਾਪੇਮਾਰੀ ਕਰਕੇ ਮਾਨਵੀ ਨੂੰ ਗਿ੍ਫ਼ਤਾਰ ਕਰ ਲਿਆ ਸੀ | ਪੁਲਿਸ ਨੇ ਉਸ ਖ਼ਿਲਾਫ਼ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਸੀ ਅਤੇ ਪੁੱਛਗਿੱਛ ਪੂਰੀ ਹੋਣ ਉਪਰੰਤ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਸੀ | ਦੱਸ ਦਈਏ ਕਿ ਮਾਨਵੀ ਦੀ ਵਕੀਲ ਸੁਖਜੀਤ ਕੌਰ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ 26 ਮਈ ਨੂੰ ਮੁਹਾਲੀ ਅਦਾਲਤ ਵਿਖੇ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਮਾਮਲੇ ਦੀ ਸੁਣਵਾਈ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਬਚਾਅ ਅਤੇ ਸਰਕਾਰੀ ਧਿਰ ਦੀਆਂ ਦਲੀਲਾਂ ਸੁਣਨ ਉਪਰੰਤ ਕਿਹਾ ਕਿ ਪਟੀਸ਼ਨਕਰਤਾ (ਮੁਲਜ਼ਮ) ਖ਼ਿਲਾਫ਼ ਕੋਈ ਸ਼ਿਕਾਇਤਕਰਤਾ ਸਿੱਧੇ ਤੌਰ 'ਤੇ ਸਾਹਮਣੇ ਨਹੀਂ ਆਇਆ, ਜਿਸ ਕੋਲੋਂ ਉਸ ਨੇ ਪੈਸੇ ਵਸੂਲੇ ਹੋਣ, ਲਿਹਾਜ਼ਾ ਅਦਾਲਤ ਨੇ ਉਸ ਨੂੰ 25 ਹਜ਼ਾਰ ਰੁ. ਦਾ ਜ਼ਮਾਨਤੀ ਮੁਚਲਕਾ ਭਰਨ 'ਤੇ ਰਿਹਾਅ ਕਰਨ ਦਾ ਹੁਕਮ ਸੁਣਾਇਆ |