ਜ਼ੀਰਕਪੁਰ, 2 ਜੂਨ (ਹੈਪੀ ਪੰਡਵਾਲਾ)-ਸਥਾਨਕ ਫਲਾਈਓਵਰ ਥੱਲੇ ਇਕ ਮੋਟਰਸਾਈਕਲ ਚਾਲਕ ਨੇ ਪੈਦਲ ਜਾ ਰਹੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁੱਡੂ (29) ਵਾਸੀ ਯੂ. ਪੀ. ਵਜੋਂ ਹੋਈ ਹੈ | ਫ਼ਿਲਹਾਲ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਾਮਲੇ ਬਾਬਤ ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਹੰਮਦ ਆਕਿਲ ਵਾਸੀ ਪਿੰਡ ਮੁੰਡਇਆ ਯੂ. ਪੀ. ਮੁਤਾਬਕ ਉਸ ਦਾ ਛੋਟਾ ਭਰਾ ਗੁੱਡੂ ਯੂ. ਪੀ. ਤੋਂ ਟਰੱਕ 'ਚ ਮਾਲ ਲੋਡ ਕਰਕੇ ਜ਼ੀਰਕਪੁਰ ਆਇਆ ਸੀ | ਕੱਲ੍ਹ ਰਾਤ ਪੈਦਲ ਹੀ ਉਹ ਖਾਣਾ ਲੈਣ ਲਈ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਜੇ. ਪੀ. ਹਸਪਤਾਲ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਯੂ. ਪੀ. ਨੰਬਰ ਦੇ ਮੋਟਰਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗੀ | ਜ਼ਖ਼ਮੀ ਹਾਲਤ 'ਚ ਉਸ ਨੂੰ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਭੇਜ ਦਿੱਤਾ, ਪਰ ਉਥੇ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਮਾਮਲਾ ਦਰਜ ਕਰਕੇ ਉਸ ਦੇ ਚਾਲਕ ਦੀ ਭਾਲ ਆਰੰਭ ਕਰ ਦਿੱਤੀ ਹੈ |