ਡੇਰਾਬੱਸੀ, 2 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਮੋਰ ਠੀਕਰੀ ਵਿਖੇ ਪਾਵਰਕਾਮ ਵਲੋਂ ਬਿਜਲੀ ਦੀ ਸਪਲਾਈ ਠੀਕ ਕਰਨ ਲਈ ਟਰਾਂਸਫਾਰਮਰ 'ਤੇ ਚੜ੍ਹੇ ਠੇਕੇਦਾਰ ਦੇ ਕਰਮਚਾਰੀ ਦੀ ਕਰੰਟ ਦਾ ਝਟਕਾ ਲੱਗਣ ਤੋਂ ਬਾਅਦ ਥੱਲੇ ਡਿੱਗਣ ਕਾਰਨ ਮੌਤ ਹੋ ਗਈ | ਇਹ ਇਕ ਹਫ਼ਤੇ 'ਚ ਕਰੰਟ ਲੱਗਣ ਕਾਰਨ ਵਾਪਰਿਆ ਦੂਜਾ ਹਾਦਸਾ ਹੈ | ਮਿ੍ਤਕ ਦੀ ਪਛਾਣ ਲਖਵਿੰਦਰ ਸਿੰਘ (40) ਵਾਸੀ ਪਿੰਡ ਖਿਆਲੀਵਾਲਾ ਜ਼ਿਲ੍ਹਾ ਬਠਿੰਡਾ ਦੇ ਤੌਰ 'ਤੇ ਹੋਈ ਹੈ, ਜੋ ਕਿ ਫ਼ਿਲਹਾਲ ਪਿੰਡ ਪੰਡਵਾਲਾ ਵਿਖੇ ਰਹਿੰਦਾ ਸੀ | ਉਹ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਹੈ | ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ, ਜੋ ਕਿ ਠੇਕੇਦਾਰ ਕੋਲ ਕੰਮ ਕਰਦਾ ਹੈ, ਦੁਪਹਿਰ ਦੇ ਕਰੀਬ 3 ਵਜੇ ਪਿੰਡ ਮੋਰ ਠੀਕਰੀ ਵਿਖੇ ਟਰਾਂਸਫਾਰਮਰ 'ਤੇ ਚੜ੍ਹ ਕੇ ਜੰਪਰ ਦੀ ਮੁਰੰਮਤ ਕਰ ਰਿਹਾ ਸੀ | ਹਾਲਾਂਕਿ ਇਸ ਲਾਈਨ ਦੇ ਫ਼ੀਡਰ ਦੀ ਬਿਜਲੀ ਸਪਲਾਈ ਵੀ ਬੰਦ ਕੀਤੀ ਹੋਈ ਸੀ, ਪਰ ਫਿਰ ਵੀ ਬੰਦ ਸਪਲਾਈ ਹੋਣ ਦੇ ਬਾਵਜੂਦ ਤਾਰਾਂ 'ਚ ਕਰੰਟ ਆ ਗਿਆ | ਕਰੰਟ ਦਾ ਝਟਕਾ ਲੱਗਣ 'ਤੇ ਲਖਵਿੰਦਰ ਤਾਰਾਂ 'ਤੇ ਲਟਕ ਗਿਆ ਅਤੇ ਥੱਲੇ ਡਿੱਗਣ ਨਾਲ ਉਸ ਦਾ ਸਿਰ ਜ਼ਮੀਨ 'ਤੇ ਪਏ ਪੱਥਰ ਨਾਲ ਜਾ ਟਕਰਾਇਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਫੱਟੜ ਹੋ ਗਿਆ | ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੇ ਕਿ ਡਾਕਟਰਾਂ ਨੂੰ ਉਸ ਨੂੰ ਮਿ੍ਤਕ ਐਲਾਨ ਦਿੱਤਾ | ਫ਼ਿਲਹਾਲ ਮਿ੍ਤਕ ਕਰਮਚਾਰੀ ਦੀ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ, ਜਿਸ ਦਾ ਮੰਗਲਵਾਰ ਨੂੰ ਪੁਲਿਸ ਵਲੋਂ ਪਰਿਵਾਰ ਦੇ ਬਿਆਨ ਦਰਜ ਕਰਨ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ |