ਚੰਡੀਗੜ੍ਹ, 3 ਜੂਨ (ਕਪਿਲ ਵਧਵਾ)-ਚੰਡੀਗੜ੍ਹ ਦੇ ਥਾਣਾ ਸਾਈਬਰ ਦੀ ਪੁਲਿਸ ਨੇ ਆਨਲਾਈਨ ਠੱਗੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਇਹ ਕਾਰਵਾਈ ਪੁਲਿਸ ਨੇ ਸੈਕਟਰ-11 ਨਿਵਾਸੀ ਸਨਿਘਧਾ ਰੈਡੀ ਦੀ ਸ਼ਿਕਾਇਤ 'ਤੇ 19 ਮਈ ਨੂੰ ਦਰਜ ਕੀਤੀ ਐਫ. ਆਈ. ਆਰ ਦੇ ਸੰਬੰਧ 'ਚ ਕੀਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤ ਅÏਰਤ ਨੇ ਦੱਸਿਆ ਸੀ ਕਿ ਉਸ ਨੂੰ ਆਨਲਾਈਨ ਨੌਕਰੀ ਦਿਵਾਉਣ ਲਈ ਇਕ ਅਣਜਾਣ ਨੰਬਰ ਤੋਂ ਪਹਿਲਾ ਸੰਦੇਸ਼ ਆਇਆ ਸੀ ਜਿਸ ਤੋਂ ਬਾਅਦ ਉਸ ਨੂੰ ਟੈਲੀਗ੍ਰਾਮ ਐਪ 'ਤੇ ਇਕ ਗਰੁੱਪ ਵਿਚ ਜੋੜ ਦਿੱਤਾ ਗਿਆ | ਜਿਥੇ ਪਹਿਲਾਂ ਤਾਂ ਉਸ ਨੂੰ ਘਰ ਬੈਠੇ ਅਮੀਰ ਹੋਣ ਦੇ ਸੁਪਨੇ ਦਿਖਾਏ ਗਏ | ਇਸ ਤੋਂ ਬਾਅਦ ਉਸ ਨੂੰ ਸ਼ੁਰੂਆਤ 'ਚ ਇਕ ਹਜ਼ਾਰ ਦੀ ਰਕਮ ਨਿਵੇਸ਼ ਕਰਨ ਲਈ ਕਿਹਾ ਗਿਆ, ਜਿਸ 'ਤੇ ਉਸ ਨੂੰ 300 ਰੁਪਏ ਦਾ ਲਾਭ ਵੀ ਦਿੱਤਾ ਗਿਆ | ਪੀੜਤਾਂ ਨੂੰ ਆਪਣੇ ਜਾਲ 'ਚ ਫਸਾਉਣ ਲਈ ਧੋਖਾਧੜੀ ਕਰਨ ਵਾਲਿਆਂ ਨੇ ਹੌਲੀ-ਹੌਲੀ ਨਿਵੇਸ਼ ਦੀ ਰਕਮ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਕਤ ਅÏਰਤ ਨੇ ਆਪਣੀ ਰਕਮ ਕਢਵਾਉਣੀ ਚਾਹੀ ਤਾਂ ਉਸ ਦਾ ਖਾਤਾ ਬੰਦ ਕਰ ਕੇ ਉਸ ਨੂੰ ਬਲਾਕ ਕਰ ਦਿੱਤਾ ਗਿਆ | ਪੀੜਤ ਅÏਰਤ ਨਾਲ ਕੁੱਲ 10 ਲੱਖ 99 ਹਜ਼ਾਰ 520 ਰੁ. ਦੀ ਠੱਗੀ ਕੀਤੀ ਗਈ ਸੀ | ਇਸ ਮਾਮਲੇ ਦੀ ਜਾਂਚ ਕਰਦਿਆਂ ਇੰਸਪੈਕਟਰ ਈਰਾਮ ਰਿਜ਼ਵੀ ਨੇ ਪੁਲਿਸ ਪਾਰਟੀ ਨਾਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਜਿਨ੍ਹਾਂ ਦੀ ਪਛਾਣ ਸੰਨ੍ਹੀ (40) ਤੇ ਵਿਜੈ ਕੁਮਾਰ (43) ਵਾਸੀ ਸਿੰਘਾ ਦੇਵੀ ਨਵਾਂਗਰਾਉਂ (ਮੁਹਾਲੀ) ਵਜੋਂ ਹੋਈ ਹੈ | ਇਸ ਬਾਰੇ ਤਫ਼ਤੀਸ਼ੀ ਅਫ਼ਸਰ ਨੇ ਦੱਸਿਆ ਕਿ ਪੀੜਤਾਂ ਤੋਂ ਠੱਗੇ ਗਈ ਰਕਮ ਵਿਚੋਂ 50 ਹਜ਼ਾਰ ਰੁਪਏ ਮੁਲਜ਼ਮ ਸੰਨ੍ਹੀ ਦੇ ਬੈਂਕ ਖਾਤੇ 'ਚ ਸਿੱਧੇ ਤੌਰ 'ਤੇ ਟਰਾਂਸਫ਼ਰ ਹੋਏ ਸਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਉਨ੍ਹਾਂ ਕਬੂਲਿਆ ਕਿ ਉਹ ਨਵੇਂ ਬੈਂਕ ਖਾਤੇ ਖੁਲ੍ਹਵਾ ਠੱਗੀ ਗਈ ਰਕਮ ਆਪਣੇ ਖਾਤਿਆਂ 'ਚ ਟਰਾਂਸਫ਼ਰ ਕਰਵਾਉਂਦੇ ਸਨ | ਇਸ ਮਾਮਲੇ ਦੀ ਜਾਂਚ ਦੌਰਾਨ ਇਕ ਮੁਖ ਮੁਲਜ਼ਮ ਬਾਰੇ ਪੁਲਿਸ ਨੂੰ ਪਤਾ ਲੱਗਿਆ ਹੈ, ਜਿਸ ਦੀ ਭਾਲ ਜਾਰੀ ਹੈ |
11 ਲੱਖ ਦੀ ਸਾਈਬਰ ਠੱਗੀ ਦੇ ਮਾਮਲੇ 'ਚ ਨਵਾਂਗਰਾਉਂ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ
ਅਜੀਤ ਡੈਸਕ
04-06-2025