ਚੰਡੀਗੜ੍ਹ 3 ਜੂਨ (ਸੰਦੀਪ ਕੁਮਾਰ ਮਾਹਨਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਲਈ ਹੋ ਰਹੀ ਜ਼ਿਮਨੀ ਚੋਣ 'ਚ ਭਾਰਤੀ ਜਨਤਾ ਪਾਰਟੀ ਵੱਡੇ ਫਰਕ ਵੱਡੇ ਫ਼ਰਕ ਦੇ ਨਾਲ ਜਿੱਤ ਹਾਸਿਲ ਕਰੇਗੀ | ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ 'ਚ ਹੋ ਰਹੀ ਚੋਣ ਜ਼ਿਮਨੀ ਚੋਣ ਕਰਕੇ ਜਿਥੇ ਜ਼ਾਬਤਾ ਲੱਗਾ ਹੋਇਆ ਹੈ ਉਥੇ ਪੰਜਾਬ ਸਰਕਾਰ ਵੱਡੀ ਪੱਧਰ 'ਤੇ ਸਰਕਾਰੀ ਮਸ਼ੀਨਰੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਦੇ ਨਾਲ-ਨਾਲ ਅਫ਼ਸਰਾਂ ਨੂੰ ਖੁੱਲੇ੍ਹ ਗੱਫੇ ਵੰਡੇ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਲੱਗੇ ਹੋਏ ਚੋਣ ਜ਼ਾਬਤੇ 'ਚ 4 ਜੂਨ ਨੂੰ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ (ਡੀ. ਪੀ. ਸੀ.) ਰੱਖ ਕੇ ਵੱਡੀ ਪੱਧਰ 'ਤੇ ਅਫ਼ਸਰਾਂ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ | ਉਨ੍ਹਾਂ ਦੱਸਿਆ ਕਿ ਇਸ ਡੀ. ਪੀ. ਸੀ. 'ਚ ਤਰੱਕੀ ਹਾਸਿਲ ਕਰਨ ਵਾਲੇ ਕਈ ਅਧਿਕਾਰੀ ਲੁਧਿਆਣਾ ਸ਼ਹਿਰ ਦੇ ਵਾਸੀ ਹਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭਪਾਤਰੀ ਅਫ਼ਸਰਾਂ ਤੇ ਇਹ ਪ੍ਰਮੋਸ਼ਨਾਂ ਕਰਵਾਉਣ 'ਚ ਪ੍ਰਮੁੱਖ ਤੌਰ 'ਤੇ ਸਰਗਰਮ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਦੇ ਇਸ ਹਲਕੇ ਨਾਲ ਸਿੱਧੇ ਤੇ ਅਸਿੱਧੇ ਤੌਰ 'ਤੇ ਸੰਬੰਧ ਹਨ, ਜਿਸ ਕਰਕੇ ਉਨ੍ਹਾਂ ਵਲੋਂ ਇਸ ਜ਼ਿਮਨੀ ਚੋਣ ਦੌਰਾਨ ਅੰਦਰ ਖਾਤੇ ਸਰਗਰਮ ਭੂਮਿਕਾਵਾਂ ਨਿਭਾਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ | ਬੁੱਟਰ ਨੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਨਿਰਪੱਖ ਚੋਣ ਕਰਵਾਉਣ ਲਈ ਸਖ਼ਤੀ ਨਾਲ ਚੋਣ ਜ਼ਾਬਤਾ ਲਾਗੂ ਕਰਵਾ ਕੇ ਅਜਿਹੀਆਂ ਸਰਕਾਰੀ ਕਾਰਵਾਈਆਂ 'ਤੇ ਰੋਕ ਲਗਾਉਣ |