ਪੰਚਕੂਲਾ, 3 ਜੂਨ (ਕਪਿਲ)-ਸੀ. ਜੀ. ਐਮ.-ਕਮ-ਸਹਾਇਕ ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾ ਅਥਾਰਿਟੀ ਅਪਰਨਾ ਭਾਰਦਵਾਜ ਵਲੋਂ ਸਥਾਨਕ ਸੈਕਟਰ-15 ਸਥਿਤ ਬਾਲ ਭਲਾਈ ਸੰਸਥਾ ਸ਼ਿਸ਼ੂ ਗ੍ਰਹਿ ਦਾ ਅਚਨਚੇਤ ਨਿਰੀਖਣ ਕੀਤਾ | ਇਹ ਦੌਰਾ ਡੀ. ਐਲ. ਐਸ. ਏ. ਵਲੋਂ ਅਜਿਹੀਆਂ ਸੰਸਥਾਵਾਂ 'ਚ ਰਹਿਣ ਵਾਲੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਉਨ੍ਹਾਂ ਦੀ ਮਿਆਰੀ ਦੇਖ-ਭਾਲ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਣ ਵਾਲੀ ਨਿਯਮਿਤ ਜਾਂਚ ਦਾ ਇਕ ਹਿੱਸਾ ਸੀ | ਇਸ ਦੌਰੇ ਦੌਰਾਨ ਅਪਰਨਾ ਭਾਰਦਵਾਜ ਨੇ ਸੰਸਥਾ ਦੇ ਪ੍ਰਸ਼ਾਸਨਿਕ ਕੰਮਕਾਜ਼ ਦਾ ਨਿਰੀਖਣ ਕਰਨ ਲਈ ਵੱਖ-ਵੱਖ ਰਜਿਸਟਰਾਂ ਦੇ ਰਿਕਾਰਡ ਅਤੇ ਰੱਖ-ਰਖਾਵ ਲਾਗ ਬੁੱਕ ਦੀ ਜਾਂਚ ਕੀਤੀ | ਇਸ ਮੌਕੇ ਸਾਰੇ ਰਿਕਾਰਡ ਤਸੱਲੀਬਖਸ਼ ਪਾਏ ਗਏ | ਇਸੇ ਦੌਰਾਨ ਅਪਰਨਾ ਭਾਰਦਵਾਜ ਵਲੋਂ ਸੰਸਥਾ 'ਚ ਰਹਿਣ ਵਾਲੇ ਬੱਚਿਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਉਥੋਂ ਦੇ ਮਾਹੌਲ ਬਾਬਤ ਪੁੱਛਗਿੱਛ ਕੀਤੀ | ਇਸ ਤੋਂ ਬਾਅਦ ਉਨ੍ਹਾਂ ਸੰਸਥਾ ਦੇ ਭੌਤਿਕ ਬੁਨਿਆਦੀ ਢਾਂਚੇ ਤੇ ਸਮੱਗਰ ਸਵੱਛਤਾ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਦੇਖਿਆ ਕਿ ਸੰਸਥਾ ਵਿਚਲੇ ਕੁਝ ਖੇਤਰ 'ਚ ਘਾਹ ਉੱਗਿਆ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਘਾਹ ਸਾਫ਼ ਕਰਵਾਉਣ ਦੇ ਨਿਰਦੇਸ਼ ਦਿੱਤੇ | ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ. ਜੀ. ਐਮ. ਅਪਰਨਾ ਭਾਰਦਵਾਜ ਦੱਸਿਆ ਕਿ ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਵਲੋਂ ਸੂਬੇ ਦੇ ਸਾਰੇ ਸੀ. ਸੀ. ਆਈ. 'ਚ ਸਮਰ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਸੰਸਥਾਵਾਂ ਵਿਚਲੇ ਬੱਚਿਆਂ ਦੇ ਸਮੱਗਰ ਵਿਕਾਸ ਲਈ ਵੱਖ-ਵੱਖ ਪਾਠਕ੍ਰਮ ਤੇ ਮਨੋਰੰਜਨ ਗਤੀਵਿਧੀਆਂ ਜਿਵੇਂ ਕਿ ਡਾਂਸ, ਸੰਗੀਤ, ਪੇਂਟਿੰਗ ਤੇ ਸ਼ਿਲਪ ਕਲਾ ਆਦਿ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਕੈਂਪ ਬੱਚਿਆਂ ਨੂੰ ਵਿਅਸਤ ਰੱਖਣ ਤੇ ਉਨ੍ਹਾਂ 'ਚ ਆਤਮ-ਵਿਸ਼ਵਾਸ ਪੈਦਾ ਕਰਨ ਵਾਲੇ ਮਹੱਤਵਪੂਰਨ ਮੰਚ ਸਾਬਤ ਹੁੰਦੇ ਹਨ |