ਐੱਸ. ਏ. ਐੱਸ. ਨਗਰ, 4 ਜੂਨ (ਪ੍ਰੋ. ਅਵਤਾਰ ਸਿੰਘ)-ਸੇਰੇਬ੍ਰਲ ਪੈਲਸੀ ਸਪੋਰਟਸ ਸੁਸਾਇਟੀ ਆਫ਼ ਪੰਜਾਬ ਵਲੋਂ ਨੇਬਰਹੁੱਡ ਪਾਰਕ ਫੇਜ਼-11 ਮੁਹਾਲੀ ਵਿਖੇ ਇਕ ਸ਼ਾਨਦਾਰ ਸਮਾਗਮ ਕਰਕੇ ਉਨ੍ਹਾਂ ਪੈਰਾ-ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਐਥਲੀਟ ਬੀਤੇ ਸਾਲ ਨਡਿਆਦ (ਗੁਜਰਾਤ) ਵਿਖੇ ਹੋਈ ਤੀਜੀ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਅਤੇ ਬੈਂਗਲੁਰੂ ਵਿਖੇ ਹੋਈ 13ਵੀਂ ਜੂਨੀਅਰ ਅਤੇ ਸਬ-ਜੂਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਗ਼ਮੇ ਜਿੱਤ ਚੁੱਕੇ ਹਨ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਥਲੀਟਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸੇਰੇਬ੍ਰਲ ਪੈਲਸੀ ਨਾਲ ਜੀਵਨ ਜੀਅ ਰਹੇ ਇਹ ਖਿਡਾਰੀ ਅਸਲ 'ਚ ਹੌਸਲੇ, ਜਿੱਤ ਦੀ ਲਗਨ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਐਥਲੀਟਾਂ ਦੀ ਸਫ਼ਲਤਾ ਸਾਨੂੰ ਦੱਸਦੀ ਹੈ ਕਿ ਜੇ ਮਨੋਬਲ ਉੱਚਾ ਹੋਵੇ ਤਾਂ ਕੋਈ ਵੀ ਰੁਕਾਵਟ ਸਾਡਾ ਰਾਹ ਨਹੀਂ ਰੋਕ ਸਕਦੀ | ਉਨ੍ਹਾਂ ਕਿਹ ਕਿ ਇਹ ਖਿਡਾਰੀ ਨਾ ਸਿਰਫ਼ ਤਗ਼ਮੇ ਜਿੱਤ ਰਹੇ ਹਨ, ਸਗੋਂ ਹਰ ਕਿਸੇ ਲਈ ਪ੍ਰੇਰਨਾ ਦਾ ਸ੍ਰੋਤ ਬਣ ਰਹੇ ਹਨ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ 'ਚ ਗੁਰਮੇਲ ਸਿੰਘ ਸਿੱਧੂ (ਬਰੈਂਪਟਨ ਕੈਨੇਡਾ) ਅਤੇ ਉਨ੍ਹਾਂ ਦੀ ਧਰਮ ਪਤਨੀ ਸੁਖਿੰਦਰ ਕੌਰ ਸਿੱਧੂ, ਕੌਂਸਲਰ ਕੁਲਵੰਤ ਸਿੰਘ ਕਲੇਰ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬਰਨਾਲਾ, ਸਮਾਜ ਸੇਵੀ ਡਾ. ਮਨਿੰਦਰ ਕੌਰ ਗਾਂਧੀ, ਪਿ੍ੰ. ਮਨਜੀਤ ਕੌਰ, ਹਰਕਮਲ ਸਿੰਘ (ਏਸ਼ੀਅਨ ਗੇਮਜ਼ 1978 ਦੇ ਸਿਲਵਰ ਮੈਡਲਿਸਟ ਅਤੇ ਭਾਰਤ ਦੇ ਸਾਬਕਾ ਮੁੱਖ ਕੋਚ), ਅਥਲੈਟਿਕ ਕੋਚ ਬਬੀਤਾ, ਚੰਦਰ ਸ਼ੇਖਰ, ਅਜਾਇਬ ਸਿੰਘ ਬਾਕਰਪੁਰ, ਗੁਰਮੀਤ ਸਿੰਘ ਸਿਆਲ, ਬਲਵੀਰ ਸਿੰਘ ਸੋਹਲ, ਮਨਜੀਤ ਓਬਰਾਏ, ਮੁੱਖ ਇੰਜ. ਡੀ.ਐੱਸ. ਮਾਨ ਅਤੇ ਵਿਕਾਸ ਅਫ਼ਸਰ ਸਤੀਸ਼ ਕੁਮਾਰ ਸ਼ਰਮਾ ਆਦਿ ਸ਼ਾਮਿਲ ਸਨ | ਇਸ ਮੌਕੇ ਮਹਿਮਾਨਾਂ ਵਲੋਂ ਮੰਗਲ ਸਿੰਘ (ਅਟਾਰੀ), ਵਿਸ਼ਾਲ, ਤਮੰਨਾ ਤੇ ਕਿਸ਼ਨ (ਮੁਹਾਲੀ), ਹਰਮਜੋਤ ਸਿੰਘ (ਕੁਰਾਲੀ), ਮੁਸਕਾਨ ਮਲੋਟ (ਸ੍ਰੀ ਮੁਕਤਸਰ ਸਾਹਿਬ), ਗੁਰਜੀਤ ਕੌਰ (ਪਿੰਡ ਰਾਏਪੁਰ ਖੁਰਦ), ਅਨੁਸ਼ਕਾ (ਮੁਹਾਲੀ), ਰਮਨਦੀਪ ਸਿੰਘ ਅਤੇ ਬਲਵੰਤ ਸਿੰਘ (ਸ੍ਰੀ ਫ਼ਤਿਹਗੜ੍ਹ ਸਾਹਿਬ) ਨੂੰ ਸਰਟੀਫ਼ਿਕੇਟ ਵੰਡੇ ਗਏ | ਇਨ੍ਹਾਂ ਦੇ ਨਾਲ-ਨਾਲ ਨੌਜਵਾਨ ਐਥਲੀਟ ਕਿਸਮਤ ਕੌਰ ਦੀ ਮੌਜੂਦਗੀ ਵੀ ਸਮਾਗਮ ਦਾ ਮੁੱਖ ਆਕਰਸ਼ਣ ਸੀ | ਅੰਤ 'ਚ ਡਿਪਟੀ ਮੇਅਰ ਬੇਦੀ ਨੇ ਅਪੀਲ ਕੀਤੀ ਕਿ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਨ੍ਹਾਂ ਐਥਲੀਟਾਂ ਲਈ ਹੋਰ ਵਧੇਰੇ ਮੌਕੇ ਅਤੇ ਸ੍ਰੋਤ ਉਪਲੱਬਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਇਹ ਹੋਰ ਉਚਾਈਆਂ ਨੂੰ ਛੂਹ ਸਕਣ |