ਅੰਜੂ ਬੇਦੀ ਨੇ ਨਿਊ ਚੰਡੀਗੜ੍ਹ ਪੀ. ਸੀ. ਏ. ਸਟੇਡੀਅਮ ਵਿਖੇ ਬਿਸ਼ਨ ਸਿੰਘ ਬੇਦੀ ਦੇ ਸੁਨਹਿਰੀ ਦੌਰ ਦੀਆਂ ਯਾਦਾਂ ਕੀਤੀਆਂ ਤਾਜ਼ਾ
ਮੁੱਲਾਂਪੁਰ ਗਰੀਬਦਾਸ, 28 ਨਵੰਬਰ (ਦਿਲਬਰ ਸਿੰਘ ਖੈਰਪੁਰ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਮਹਾਨ ਸਪਿਨਰ ਮਰਹੂਮ ਬਿਸ਼ਨ ਸਿੰਘ ਬੇਦੀ ਦੀ ਪਤਨੀ ਅੰਜੂ ਬੇਦੀ ਨੇ ਨਿਊ ਚੰਡੀਗੜ੍ਹ ਪੀ. ਸੀ.
ਮੁੱਲਾਂਪੁਰ ਗਰੀਬਦਾਸ, 28 ਨਵੰਬਰ (ਦਿਲਬਰ ਸਿੰਘ ਖੈਰਪੁਰ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਮਹਾਨ ਸਪਿਨਰ ਮਰਹੂਮ ਬਿਸ਼ਨ ਸਿੰਘ ਬੇਦੀ ਦੀ ਪਤਨੀ ਅੰਜੂ ਬੇਦੀ ਨੇ ਨਿਊ ਚੰਡੀਗੜ੍ਹ ਪੀ. ਸੀ. ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਦੌਰਾ ਕਰਦਿਆਂ ਬੀਤੇ ਸਮੇਂ ਦੀਆਂ ਸੁਨਹਿਰੀ ਯਾਦਾਂ ਨੂੰ ਮੁੜ ਤਾਜ਼ਾ ਕੀਤਾ। ਕ੍ਰਿਕਟ, ਲੇਖਕ ਤੇ ਕਾਲਮਨਵੀਸ ਪ੍ਰਦੀਪ ਮੈਗਜ਼ੀਨ ਦੇ ਨਾਲ ਅੰਜੂ ਬੇਦੀ ਨੇ ਮੁੱਲਾਂਪੁਰ ਸਥਿਤ ਨਿਊ ਚੰਡੀਗੜ੍ਹ ਪੀ. ਸੀ. ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਦੌਰਾ ਕਰਨ ਸਮੇਂ ਕ੍ਰਿਕਟ, ਜਿਸ ਨੂੰ ਉਨ੍ਹਾਂ ਦੇ ਪਤੀ ਬੇਹੱਦ ਪਿਆਰ ਕਰਦੇ ਸਨ, ਨੂੰ ਬੀਤੇ ਯੁੱਗ ਦੀਆਂ ਯਾਦਾਂ ਦੇ ਅਹਿਸਾਸ ਨਾਲ ਮੁੜ ਨੇੜੇ ਤੋਂ ਮਹਿਸੂਸ ਕੀਤਾ। ‘ਵਾਲ ਆਫ਼ ਫੇਮ’ ਦਾ ਦੌਰਾ ਕਰਦਿਆਂ ਅੰਜੂ ਬੇਦੀ ਨੇ ਮਰਹੂਮ ਬਿਸ਼ਨ ਸਿੰਘ ਬੇਦੀ ਦੀ ਤਸਵੀਰ ਨੂੰ ਭਾਵੁਕਤਾ ਨਾਲ ਨਿਹਾਰਿਆ, ਜੋ ਉਥੇ ਲਾਲਾ ਅਮਰਨਾਥ, ਯਸ਼ਪਾਲ ਸ਼ਰਮਾ, ਮਹਿੰਦਰ ਅਮਰਨਾਥ ਤੇ ਮਦਨ ਲਾਲ ਵਰਗੇ ਹੋਰ ਮਹਾਨ ਖਿਡਾਰੀਆਂ ਦੇ ਨਾਲ ਬੜੇ ਮਾਣ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅੰਜੂ ਬੇਦੀ ਨੇ ‘ਟੂ ਬਿਸ਼ਨ, ਵਿਦ ਲਵ: ਸੈਲੀਬ੍ਰੇਟਿੰਗ ਏ ਲਾਈਫਟਾਈਮ ਆਫ਼ ਮੈਮੋਰੀਜ਼’ ਸਿਰਲੇਖ ਹੇਠ ਇਕ ਪੁਸਤਕ ਵੀ ਲਿਖੀ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਕਾਰਜਕਾਰੀ ਸੀ. ਈ. ਓ. ਕਰਨਲ ਵਿਕਰਾਂਤ ਸਿੰਘ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੀ. ਸੀ. ਏ. ਦੇ ਸਕੱਤਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਤਰਫੋਂ ਸਨਮਾਨਿਤ ਵੀ ਕੀਤਾ। ਦੱਸਣਯੋਗ ਹੈ ਕਿ ਬਿਸ਼ਨ ਸਿੰਘ ਬੇਦੀ ਨੇ 1970 ਦੇ ਦਹਾਕੇ ਦੌਰਾਨ 22 ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ।