ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਐਸ. ਐਸ. ਪੀ. ਤੇ ਉਪ ਮੰਡਲ ਮੈਜਿਸਟ੍ਰੇਟ (ਪੂਰਬ) ਦੇ ਨਾਲ ਸੁਖਨਾ ਝੀਲ ਤੇ ਸ਼ਹਿਰ ਦੇ ਹੋਰ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਸੁਖਨਾ ਝੀਲ ਦੇ ਫ਼ਲੱਡ ਗੇਟਾਂ ਰਾਹੀਂ ਪਾਣੀ ਦੀ ਨਿਕਾਸੀ ਦੀ ਸਥਿਤੀ, ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ | ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਨਿਰੀਖਣ ਦੌਰਾਨ ਅਧਿਕਾਰੀਆਂ ਨੇ ਪਾਣੀ ਭਰਨ ਵਾਲੇ ਖੇਤਰਾਂ, ਲੋਕ-ਢਾਂਚੇ ਨੂੰ ਹੋਏ ਨੁਕਸਾਨ ਤੇ ਸੰਵੇਦਨਸ਼ੀਲ ਸਥਾਨਾਂ ਦੀ ਵੀ ਜਾਂਚ ਤੋਂ ਬਾਅਦ ਸੰਬੰਧਤ ਵਿਭਾਗਾਂ ਨੂੰ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਕਿ ਨਾਲਿਆਂ ਦੀ ਤੁਰੰਤ ਸਫ਼ਾਈ ਹੋਵੇ, ਐਮਰਜੈਂਸੀ ਟੀਮਾਂ ਅਲਰਟ ਰਹਿਣ ਤੇ ਰਾਹਤ ਕਾਰਜਾਂ ਲਈ ਮਸ਼ੀਨਰੀ ਦੀ ਪੂਰੀ ਤਾਇਨਾਤੀ ਯਕੀਨੀ ਬਣਾਈ ਜਾਵੇ | ਡੀ. ਸੀ. ਨੇ ਇੰਜੀਨੀਅਰਿੰਗ ਵਿਭਾਗ, ਸਿਹਤ ਸੇਵਾਵਾਂ, ਪੁਲਿਸ ਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਵਿਚਕਾਰ ਮਜ਼ਬੂਤ ਤਾਲਮੇਲ ਨੂੰ ਲਾਜ਼ਮੀ ਬਣਾਇਆ ਜਾਵੇ | ਉਨ੍ਹਾਂ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਤੇ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਅਪੀਲ ਕੀਤੀ | ਐਸ. ਐਸ. ਪੀ. ਕੰਵਰਦੀਪ ਕੌਰ ਨੇ ਡੀ. ਸੀ. ਨੂੰ ਜਾਣਕਾਰੀ ਦਿੱਤੀ ਕਿ ਪ੍ਰਭਾਵਿਤ ਖੇਤਰਾਂ 'ਚ ਟ੍ਰੈਫਿਕ ਪ੍ਰਬੰਧਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਪੁਲਿਸ ਸੰਵੇਦਨਸ਼ੀਲ ਥਾਵਾਂ 'ਤੇ ਨਾਗਰਿਕਾਂ ਦੀ ਮਦਦ ਲਈ ਮੁਸਤੈਦ ਹੈ | ਉਪਮੰਡਲ ਮੈਜਿਸਟ੍ਰੇਟ (ਪੂਰਬ) ਖੁਸ਼ਪ੍ਰੀਤ ਕੌਰ ਨੇ ਰਾਹਤ ਕਾਰਜਾਂ, ਪੁਨਰਵਾਸ ਯੋਜਨਾਵਾਂ ਤੇ ਮਹੱਤਵਪੂਰਨ ਬਿੰਦੂਆਂ ਦੀ ਨਿਗਰਾਨੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਜੋਖ਼ਮ ਘਟਾਉਣ ਲਈ ਲੋੜੀਂਦੇ ਸਾਰੇ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ, ਨਾਲ ਹੀ ਲੰਬੇ ਸਮੇਂ ਲਈ ਰਣਨੀਤੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਚੰਡੀਗੜ੍ਹ ਦੀ ਆਫ਼ਤ-ਪ੍ਰਬੰਧਨ ਸਮਰੱਥਾ ਹੋਰ ਮਜ਼ਬੂਤ ਬਣ ਸਕੇ | ਨਿਰੀਖਣ ਤੋਂ ਬਾਅਦ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਹਰ ਨਾਗਰਿਕ ਦੀ ਸੁਰੱਖਿਆ ਅਤੇ ਭਲਾਈ ਯੂ. ਟੀ. ਪ੍ਰਸ਼ਾਸਨ ਦੀ ਸਭ ਤੋਂ ਵੱਡੀ ਪਹਿਲ ਹੈ | ਪ੍ਰਸ਼ਾਸਨ ਸਮੇਂ ਸਿਰ ਸਹਾਇਤਾ, ਬਿਹਤਰ ਤਿਆਰੀ ਅਤੇ ਚੰਡੀਗੜ੍ਹ ਦੇ ਹੋਰ ਮਜ਼ਬੂਤ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |