ਚੰਡੀਗੜ੍ਹ, 2 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਹੈਰੋਇਨ ਦੀ ਵਪਾਰਕ ਮਾਤਰਾ ਨੂੰ ਬਰਾਮਦ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਅਤੇ ਇਕ ਦੇਸੀ ਕੱਟਾ ਨਾਲ ਇਕ ਕਾਰਤੂਸ ਵੀ ਬਰਾਮਦ ਕੀਤੀ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਪੀ. (ਕ੍ਰਾਈਮ) ਜਸਬੀਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ 30 ਅਗਸਤ ਨੂੰ ਬਟਾਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ ਬਾਬਾ (55) ਨੂੰ ਸੈਕਟਰ 43 ਨਜ਼ਦੀਕ ਤੋਂ 109.86 ਗ੍ਰਾਮ ਹੈਰੋਇਨ ਤੇ ਇਕ ਦੇਸੀ ਕੱਟਾ ਨਾਲ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ | ਪੁਲਿਸ ਨੇ ਉਸ ਖ਼ਿਲਾਫ਼ ਐਨ. ਡੀ. ਪੀ. ਐੱਸ ਐਕਟ ਦੀ ਧਾਰਾ 21 ਅਤੇ ਅਸਲਾ ਐਕਟ ਦੀ ਧਾਰਾ 25, 54 ਅਤੇ 59 ਤਹਿਤ ਐੱਫ. ਆਈ. ਆਰ ਦਰਜ ਕੀਤੀ ਹੈ | ਇਸ ਤੋਂ ਅਗਲੇਰੀ ਕਰਵਾਈ ਵਿਚ ਪੁਲਿਸ ਨੇ ਉਕਤ ਮੁਲਜ਼ਮ ਵਲੋਂ ਕੀਤੇ ਖੁਲਾਸੇ ਤੇ ਉਸ ਦੇ ਦੋ ਸਾਥੀ ਪਰਵਿੰਦਰ ਪਾਲ ਸਿੰਘ ਮਿੱਦਾ (41) ਅਤੇ ਮਨਦੀਪ ਸਿੰਘ ਉਰਫ ਮੈਂਡੀ (32) ਵਾਸੀਆਨ ਚੰਡੀਗੜ੍ਹ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੂੰ ਸਵਿਫਟ ਕਾਰ ਸਵਾਰ ਪਰਵਿੰਦਰ ਪਾਲ ਸਿੰਘ ਦੀ ਗਿ੍ਫ਼ਤਾਰੀ ਮੌਕੇ ਉਸ ਦੇ ਕਬਜ਼ੇ ਤੋਂ 121 ਗ੍ਰਾਮ ਹੈਰੋਇਨ ਬਰਾਮਦ ਹੋਈ ਜਦਕਿ ਮੁਲਜ਼ਮ ਮਨਦੀਪ ਸਿੰਘ ਤੋਂ 25 ਗ੍ਰਾਮ ਹੈਰੋਇਨ ਦੀ ਬਰਾਮਦੀ ਹੋਈ | ਜਿਸ ਨਾਲ ਕੁੱਲ 255.86 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਪੁਲਿਸ ਵਲੋਂ ਉਕਤ ਨਸ਼ੀਲੇ ਪਦਾਰਥ ਦੀ ਕੀਮਤ 1.5 ਕਰੋੜ ਦੱਸੀ ਗਈ ਹੈ | ਐੱਸ. ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਜੀਤ ਸਿੰਘ ਵਿਦੇਸ਼ ਅਧਾਰਿਤ ਨਸ਼ਾ ਤਸਕਰ ਭੁਪਿੰਦਰ ਅਤੇ ਦਲਬੀਰ ਦੇ ਸੰਪਰਕ ਵਿਚ ਸੀ | ਇਸ ਦੇ ਨਾਲ ਉਹ ਅਮਰੀਕਾ 'ਚ ਗਿ੍ਫਤਾਰ ਨਸ਼ਾ ਤਸਕਰ ਜਸਮੀਤ ਉਰਫ ਲੱਕੀ ਦਾ ਸਾਥੀ ਰਹਿ ਚੁੱਕਾ ਹੈ | ਸੂਤਰਾਂ ਅਨੁਸਾਰ ਬਲਜੀਤ ਸਿੰਘ ਜਿਸ ਨੂੰ ਕਤਲ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਵਿਰੁੱਧ ਕੁੱਲ 8 ਅਪਰਾਧਿਕ ਮਾਮਲੇ ਪਹਿਲਾਂ ਤੋਂ ਦਰਜ ਹਨ | ਜਦਕਿ ਬਾਕੀ ਦੋ ਮੁਲਜ਼ਮ ਜੋਂ ਕਿ ਪੜ੍ਹੇ-ਲਿਖੇ ਹਨ, ਉਨ੍ਹਾਂ ਦਾ ਕੋਈ ਅਪਰਾਧਿਕ ਇਤਿਹਾਸ ਫਿਲਹਾਲ ਸਾਹਮਣੇ ਨਹੀਂ ਆਇਆ | ਇਹ ਕਾਰਵਾਈ ਡੀ. ਐਸ. ਪੀ ਧੀਰਜ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਸਤਵਿੰਦਰ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕੀਤੀ ਹੈ | ਇਸ ਮਾਮਲੇ ਦੀ ਜਾਂਚ ਜਾਰੀ ਹੈ |