ਚੰਡੀਗੜ੍ਹ, 2 ਸਤੰਬਰ (ਅਜੀਤ ਬਿਊਰੋ) - ਪੰਜਾਬ ਵਕਫ਼ ਬੋਰਡ ਵਲੋਂ ਇਕ ਵੱਡੀ ਕਾਰਵਾਈ ਕਰਦਿਆਂ ਪ੍ਰਸ਼ਾਸਕੀ ਅਧਿਕਾਰੀ ਮੁਹੰਮਦ ਅਸਲਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਉਨ੍ਹਾਂ ਵਿਰੁੱਧ ਗੰਭੀਰ ਦੁਰਵਿਵਹਾਰ ਅਤੇ ਦਫ਼ਤਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ | ਬੋਰਡ ਦੇ ਚੇਅਰਮੈਨ ਮੁਹੰਮਦ ਔਵੈਸ ਵਲੋਂ ਜਾਰੀ ਮੁਅੱਤਲੀ ਹੁਕਮਾਂ ਵਿਚ ਲਿਖਿਆ ਹੈ ਕਿ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕੀ ਅਧਿਕਾਰੀ ਮੁਹੰਮਦ ਅਸਲਮ ਨੂੰ ਗੰਭੀਰ ਦੁਰਵਿਵਹਾਰ ਕਰਨ ਅਤੇ ਦਫ਼ਤਰੀ ਹੁਕਮਾਂ ਦੀ ਉਲੰਘਣਾ ਕਰਨ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ | ਚੇਅਰਮੈਨ ਵਲੋਂ ਜਾਰੀ ਹੁਕਮਾਂ ਤਹਿਤ ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫਤਰ ਸ਼ਾਖਾ ਦਫ਼ਤਰ, ਪੰਜਾਬ ਵਕਫ਼ ਬੋਰਡ, ਫਰੀਦਕੋਟ ਵਿਖੇ ਹੋਵੇਗਾ | ਉਨ੍ਹਾਂ ਨੂੰ ਪੰਜਾਬ ਵਕਫ਼ ਬੋਰਡ ਦੇ ਸਮਰੱਥ ਅਧਿਕਾਰੀ ਦੀ ਅਗੇਤੀ ਆਗਿਆ ਤੋਂ ਬਿਨਾਂ ਆਪਣਾ ਮੁੱਖ ਦਫਤਰ ਨਾ ਛੱਡਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ | ਪੰਜਾਬ ਵਕਫ਼ ਬੋਰਡ ਵਲੋਂ ਉਨ੍ਹਾਂ ਦੇ ਕੰਮਕਾਜ ਸਬੰਧੀ ਪੂਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਕਦਮ ਬਾਰੇ ਫ਼ੈਸਲਾ ਲਿਆ ਗਿਆ ਹੈ | ਚੇਅਰਮੈਨ ਮੁਹੰਮਦ ਔਵੈਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਪ੍ਰਸ਼ਾਸਕੀ ਅਨੁਸ਼ਾਸਨ ਅਤੇ ਪਾਰਦਰਸ਼ੀਤਾ ਨੂੰ ਬਰਕਰਾਰ ਰੱਖਣ ਲਈ ਲਾਜ਼ਮੀ ਸੀ | ਉਨ੍ਹਾਂ ਸਾਫ਼ ਕੀਤਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਹੁਕਮਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |