ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਘੱਗਰ ਦਰਿਆ ਦੇ ਪਾਣੀ ਅਤੇ ਬੰਨ੍ਹ ਦਾ ਠੋਸ ਪ੍ਰਬੰਧ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਹਰ ਸਾਲ ਇਸ ਵਲੋਂ ਮਚਾਈ ਜਾਂਦੀ ਤਬਾਹੀ ਨੂੰ ਰੋਕਿਆ ਜਾ ਸਕੇ | ਉਕਤ ਮੰਗ ਨੌਜਵਾਨ ਕਾਂਗਰਸੀ ਆਗੂ ਅਮਿਤ ਬਾਵਾ ਸੈਣੀ ਨੇ ਘੱਗਰ ਨੇੜਲੇ ਪਿੰਡਾਂ ਦਾ ਦੌਰਾ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਤੇ ਸਮਝਿਆ, ਉਪਰੰਤ ਸੈਣੀ ਨੇ ਕਿਹਾ ਕਿ ਘੱਗਰ ਤੇ ਹੋਰਨਾਂ ਦਰਿਆਵਾਂ ਨੇੜਲੇ ਖੇਤਰਾਂ ਵਿਚ ਮੁਆਵਜ਼ੇ ਦੀ ਦਰ ਬਦਲਣੀ ਜ਼ਰੂਰੀ ਹੈ ਕਿਉਂਕਿ ਹੁਣ ਨਿਯਮਾਂ ਮੁਤਾਬਕ ਜਿੰਨਾ ਮੁਆਵਜ਼ਾ ਮਿਲਦਾ ਹੈ, ਉਹ ਊਠ ਦੇ ਮੂੰਹ 'ਚ ਜੀਰੇ ਦੇ ਬਰਾਬਰ ਹੈ | ਇਸ ਦੇ ਨਾਲ ਉਨ੍ਹਾਂ ਨੂੰ ਉਥੇ ਮੌਜੂਦ ਪੀੜਤ ਲੋਕਾਂ ਨੇ ਦੱਸਿਆ ਕਿ ਮੁਆਵਜ਼ਾ ਦੇਣ 'ਚ ਭਾਈ-ਭਤੀਜਵਾਦ ਹੁੰਦਾ ਹੈ | ਘੱਟ ਜ਼ਮੀਨ ਵਾਲੇ ਦੀ ਵੱਧ ਤੇ ਵੱਧ ਵਾਲੇ ਦੀ ਘੱਟ ਜ਼ਮੀਨ ਲਿਖ ਦਿੱਤੀ ਜਾਂਦੀ ਹੈ ਤੇ ਮੁਆਵਜ਼ਾ ਦੇਣ 'ਚ ਦੇਰੀ ਵੱਖਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਨਿਰਪੱਖ ਵਤੀਰਾ ਅਪਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਘੱਗਰ ਤੇ ਝਰਮਲ ਨਦੀ ਦੇ ਬੰਨ੍ਹ ਦੀ ਜਿਥੇ ਨਿਰੰਤਰ ਮੁਰੰਮਤ ਲੋੜੀਂਦੀ ਹੈ, ਉਥੇ ਹੀ ਇਸ ਬੰਨ੍ਹ ਦਾ ਦਾਇਰਾ ਵਧਾ ਕੇ ਅੱਗੇ ਹੋਰਨਾਂ ਪਿੰਡਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਹੋਰ ਸਰਗਰਮੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ |