ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਉਪ ਚੇਅਰਮੈਨ ਸੁਭਾਸ਼ ਸ਼ਰਮਾ ਵਲੋਂ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਅੱਜ ਰਾਹਤ ਸਮੱਗਰੀ ਦੇ ਟਰੱਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਉਨ੍ਹਾਂ ਵਲੋਂ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਖੇਤਰਾ ਦੇ ਲੋਕਾਂ ਲਈ ਰਵਾਨਾ ਕੀਤੇ ਟਰੱਕ ਰਾਹੀਂ 250 ਰਾਸ਼ਨ ਕਿੱਟਾਂ, ਪੀਣ ਵਾਲਾ ਪਾਣੀ, ਆਲੂ, ਪਿਆਜ਼, ਅਤੇ ਪਸ਼ੂਆਂ ਲਈ ਲੋੜੀਂਦਾ ਚਾਰਾ/ਚੋਕਰ ਭੇਜੀ ਗਈ ਹੈ | ਇਸ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰੀ ਟੀਮ ਦਿਨ-ਰਾਤ ਸੇਵਾ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੀ ਜ਼ਮੀਨ ਹੜ੍ਹ ਕਾਰਨ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਫ਼ਸਲਾਂ ਖ਼ਰਾਬ ਹੋ ਚੁੱਕੀਆਂ ਹਨ, ਜਿਸ ਲਈ ਅੱਜ ਸਾਨੂੰ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ | ਇਸ ਮੌਕੇ ਵਿੱਕੀ ਘਨੌਰ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਪੰਜਾਬ, ਸਾਬਕਾ ਸਰਪੰਚ ਬਲਵਿੰਦਰ ਸਿੰਘ ਆਲਮਗੀਰ, ਗੋਬਿੰਦਰ ਮਿੱਤਲ, ਅਮਿਤ ਜੈਨ ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਅਤੇ ਸਵੀਟੀ ਸ਼ਰਮਾ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ ਸਮੇਤ 'ਆਪ' ਦੀ ਸਮੁੱਚੀ ਟੀਮ ਹਾਜ਼ਰ ਸੀ |