ਐੱਸ. ਏ. ਐੱਸ. ਨਗਰ, 4 ਸਤੰਬਰ (ਕਪਿਲ ਵਧਵਾ)-ਮੁਹਾਲੀ ਵਿਖੇ ਕੈਬ ਡਰਾਈਵਰ ਦੇ ਕਤਲ ਦੇ ਦੋਸ਼ ਹੇਠ ਗਿ੍ਫ਼ਤਾਰ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਕਾਰਕੁੰਨ ਤੇ ਉਸ ਦੇ ਸਾਥੀਆਂ ਤੋਂ ਐੱਨ. ਆਈ. ਏ. ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਗਰਾਓਾ ਆਧਾਰਿਤ ਕੈਬ ਚਾਲਕ ਅਨਿਲ ਕੁਮਾਰ ਨੂੰ 29 ਅਗਸਤ ਨੂੰ ਜੈਸ਼-ਏ-ਮੁਹੰਮਦ ਨਾਲ ਜੁੜੇ ਸਾਹਿਲ ਬਸ਼ੀਰ ਤੇ ਉਸ ਦੇ ਸਾਥੀ ਮੁਨੀਸ਼ ਸਿੰਘ ਤੇ ਏਜਾਜ਼ ਅਹਿਮਦ ਖਾਨ ਨੇ ਕੈਬ ਦੀ ਬੁਕਿੰਗ ਬਹਾਨੇ ਖਰੜ ਵਿਖੇ ਸੱਦਿਆ ਸੀ, ਜਿਸ ਤੋਂ ਬਾਅਦ ਉਹ ਤਿੰਨੋਂ ਉਸ ਨੂੰ ਜਬਰਦਸਤੀ ਟ੍ਰਾਈਸਿਟੀ ਅੰਦਰ ਇੱਧਰ-ਉੱਧਰ ਘੁੰਮਾਉਣ ਉਪਰੰਤ ਪਿੰਡ ਕੰਡਿਆਲਾ ਨੇੜੇ ਲੈ ਗਏ, ਜਿਥੇ ਕਿ ਉਨ੍ਹਾਂ ਨੇ ਅਨਿਲ ਕੁਮਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦੀ ਸਵਿਫਟ ਗੱਡੀ ਲੈ ਕੇ ਗੁਰਦਾਸਪੁਰ ਵੱਲ ਨੂੰ ਫ਼ਰਾਰ ਹੋ ਗਏ | ਇਸ ਸੰਬੰਧ 'ਚ ਮੁਹਾਲੀ ਪੁਲਿਸ ਨੇ ਗ਼ੈਰ-ਕਾਨੂੰਨੀ ਹਿਰਾਸਤ ਦੀ ਧਾਰਾ ਤਹਿਤ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਬਟਾਲੇ ਲਾਗਿਓਾ ਗਿ੍ਫ਼ਤਾਰ ਕਰ ਲਿਆ | ਕਤਲ ਤੇ ਅਗਵਾ ਦੇ ਦੋਸ਼ਾਂ ਹੇਠ ਪੁਲਿਸ ਨੂੰ ਉਨ੍ਹਾਂ ਦਾ 10 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋੋਇਆ ਹੈ | ਇਸ ਮਾਮਲੇ ਦੀ ਜਾਂਚ ਹੁਣ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਕੋਲ ਹੈ | ਸੂਤਰਾਂ ਅਨੁਸਾਰ ਫ਼ਿਲਹਾਲ ਕੇਂਦਰੀ ਏਜੰਸੀ ਦੇ ਅਧਿਕਾਰੀ ਉਕਤ ਅੱਤਵਾਦੀ ਸੰਗਠਨ ਨਾਲ ਜੁੜੇ ਕਾਰਕੁੰਨ ਤੇ ਉਸ ਦੇ ਸਾਥੀਆਂ ਤੋਂ ਅਲੱਗ-ਅਲੱਗ ਕਮਰਿਆਂ ਵਿਚ ਪੁੱਛਗਿੱਛ ਕਰ ਰਹੇ ਹਨ | ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰ ਵਲੋਂ ਕੀ ਟੀਚਾ ਦਿੱਤਾ ਗਿਆ ਸੀ | ਫ਼ਿਲਹਾਲ ਐੱਨ. ਆਈ. ਏ. ਵਲੋਂ ਅਧਿਕਾਰਤ ਤੌਰ 'ਤੇ ਆਰ. ਸੀ. ਦਰਜ ਨਹੀਂ ਕੀਤੀ ਗਈ, ਜਿਸ ਦਾ ਅਰਥ ਹੈ ਕਿ ਫ਼ਿਲਹਾਲ ਮੁਲਜ਼ਮ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੀ ਹਨ, ਪਰ ਜੇਕਰ ਇਸ ਮਾਮਲੇ ਦੀ ਜਾਂਚ ਦੌਰਾਨ ਅਹਿਮ ਸਬੂਤ ਹੱਥ ਲੱਗਦੇ ਹਨ ਤਾਂ ਐੱਨ. ਆਈ. ਏ. ਵਲੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ |