ਡੇਰਾਬੱਸੀ, 4 ਸਤੰਬਰ (ਗੁਰਮੀਤ ਸਿੰਘ)-ਸਰਕਾਰੀ ਸਕੂਲ ਪੰਡਵਾਲਾ ਦੇ ਵਿਦਿਆਰਥੀਆਂ ਨੇ ਭਾਰਤ ਸਕਾਊਟ ਐਂਡ ਗਾਈਡ ਦੇ ਐਨ. ਆਈ. ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਜ਼ੀ ਮਾਰੀ ਹੈ | ਇਹ ਪੰਜ ਰੋਜ਼ਾ ਕੈਂਪ 26 ਅਗਸਤ ਤੋਂ 30 ਅਗਸਤ ਤੱਕ ਕੋਟਾ (ਰਾਜਸਥਾਨ) 'ਚ ਲਗਾਇਆ ਗਿਆ ਸੀ, ਜਿਸ 'ਚ ਭਾਰਤ ਦੇ 13 ਰਾਜਾਂ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਸੀ | ਇਸ ਮੌਕੇ ਵਿਦਿਆਰਥੀਆਂ ਨੇ ਐਨ. ਆਈ. ਕੈਂਪ 'ਸਸਕਾਸ ਯੁਵਾ ਵਿਕਸਿਤ ਭਾਰਤ' ਤਹਿਤ ਸਕਾਊਟ ਅਤੇ ਗਾਈਡ ਮੁਕਾਬਲਿਆਂ 'ਚ ਭਾਗ ਲਿਆ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡਵਾਲਾ ਦੇ ਵਿਦਿਆਰਥੀਆਂ ਨੇ ਲੋਕ ਡਾਂਸ (ਭੰਗੜਾ) ਅਤੇ ਪੈਟਰਿਕ ਗਾਣੇ ਦੇ ਮੁਕਾਬਲਿਆ 'ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੋਕ ਗੀਤ ਅਤੇ ਕੈਂਪ ਫਾਇਰ 'ਚ ਦੂਜੇ ਸਥਾਨ 'ਤੇ ਆਪਣਾ ਕਬਜ਼ਾ ਕੀਤਾ | ਇਸ ਤਰ੍ਹਾਂ 13 ਰਾਜਾਂ ਵਿਚੋਂ ਸਭ ਤੋਂ ਵੱਧ ਪੁਜੀਸ਼ਨ ਲੈ ਕੇ ਸਰਕਾਰੀ ਸਕੂਲ ਪੰਡਵਾਲਾ ਨੇ ਰਿਕਾਰਡ ਸਫ਼ਲਤਾ ਹਾਸਲ ਕੀਤੀ ਹੈ | ਇਸ ਕੈਂਪ 'ਚ ਪੰਡਵਾਲਾ ਸਕੂਲ ਦੇ ਕੁੱਲ 20 ਵਿਦਿਆਰਥੀਆਂ, ਜਿਨ੍ਹਾਂ 'ਚ 12 ਕੁੜੀਆਂ ਤੇ 8 ਮੁੰਡੇ ਸ਼ਾਮਿਲ ਸਨ, ਨੇ ਭਾਗ ਲਿਆ ਸੀ | ਸਕੂਲ ਪਿੰ੍ਰ. ਪਵਿੱਤਰ ਕੌਰ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |