ਡੇਰਾਬੱਸੀ, 4 ਸਤੰਬਰ (ਰਣਬੀਰ ਸਿੰਘ ਪੜ੍ਹੀ)-ਹੜ੍ਹ ਪੀੜਤਾਂ ਲਈ ਸਹਾਇਤਾ ਇਕੱਤਰ ਕਰਨ ਦੇ ਮੁਹਿੰਮ ਵਿਚ ਡੇਰਾਬੱਸੀ ਦੇ ਨੇੜਲੇ ਪਿੰਡ ਹਰਿਪੁਰਾ ਹਿੰਦੂਆਂ ਦੀ ਇਕ ਨਿੱਕੀ ਕੁੜੀ ਨੇ ਉਹ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਇਲਾਕੇ ਦੇ ਲੋਕਾਂ ਦਾ ਦਿਲ ਮੋਹ ਲਿਆ | ਚੌਥੀ ਜਮਾਤ ਵਿਚ ਪੜ੍ਹਦੀ 8 ਸਾਲ ਦੀ ਨਿਮਰਤ ਨੇ ਆਪਣੀ ਗੋਲਕ ਤੋੜ ਕੇ ਉਸ ਵਿਚੋਂ ਨਿਕਲੇ 4350 ਰੁਪਏ ਪਿੰਡ ਦੀ ਪੰਚਾਇਤ ਨੂੰ ਸੌਂਪ ਦਿੱਤੇ | ਜਾਣਕਾਰੀ ਅਨੁਸਾਰ ਪਿੰਡ ਵਾਸੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਘਰ-ਘਰੀ ਸੁੱਕਾ ਰਾਸ਼ਨ, ਪਾਣੀ ਦੀਆਂ ਬੋਤਲਾਂ, ਚਾਰਾ ਤੇ ਕੱਪੜੇ ਇਕੱਤਰ ਕਰ ਰਹੇ ਸਨ | ਇਹ ਸਭ ਦੇਖ ਕੇ ਨਿਮਰਤ ਨੇ ਆਪਣੇ ਪਰਿਵਾਰ ਤੋਂ ਬਿਨ੍ਹਾਂ ਪੁੱਛੇ ਆਪਣੀ ਬਚਤ ਪੈਸੇ ਦੀ ਗੋਲਕ ਹੀ ਪੰਚਾਇਤ ਦੇ ਹਵਾਲੇ ਕਰ ਦਿੱਤੀ | ਨਿਮਰਤ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਰਕਮ ਉਸਦੀ ਬੇਟੀ ਨੇ ਲਗਭਗ ਇੱਕ ਸਾਲ ਤੋਂ ਹੌਲੀ-ਹੌਲੀ ਜੋੜੀ ਸੀ ਪਰ ਜਦੋਂ ਉਸਨੂੰ ਪਤਾ ਲੱਗਾ ਕਿ ਹੋਰ ਲੋਕ ਹੜ੍ਹ ਪੀੜਤਾਂ ਲਈ ਮਦਦ ਕਰ ਰਹੇ ਹਨ, ਤਾਂ ਉਸਨੇ ਵੀ ਆਪਣੇ ਪੈਸੇ ਤੁਰੰਤ ਦਾਨ ਕਰਨ ਦਾ ਫ਼ੈਸਲਾ ਲਿਆ | ਪਿੰਡ ਦੇ ਲੋਕਾਂ ਨੇ ਨਿਮਰਤ ਦੇ ਨਿੱਕੇ ਪਰ ਵੱਡੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਹੈ | ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਿਮਰਤ ਦੀ ਇਹ ਮਿਸਾਲ ਬੱਚਿਆਂ ਹੀ ਨਹੀਂ ਸਗੋਂ ਵੱਡਿਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ |