ਐੱਸ. ਏ. ਐੱਸ. ਨਗਰ, 4 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਪਿੰਡ ਭਾਗੋਮਾਜਰਾ ਦੇ ਵਸਨੀਕਾਂ ਵਲੋਂ ਗਮਾਡਾ ਦੇ ਖ਼ਿਲਾਫ਼ ਮੁਆਵਜ਼ੇ ਦੀ ਅਦਾਇਗੀ ਵਾਸਤੇ ਪਾਏ ਗਏ ਇਕ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਦੇ ਹੁਕਮਾਂ 'ਤੇ ਅੱਜ ਗਮਾਡਾ ਦੇ ਭੌਂ-ਪ੍ਰਾਪਤੀ ਕੁਲੈਕਟਰ ਦੇ ਦਫ਼ਤਰ ਦਾ ਸਾਮਾਨ ਅਟੈਚ ਕੀਤਾ ਗਿਆ ਹੈ | ਇਸ ਸੰਬੰਧੀ ਅਦਾਲਤੀ ਕਰਮਚਾਰੀਆਂ ਦੇ ਨਾਲ ਢੋਲੀ ਨੂੰ ਲੈ ਕੇ ਗਮਾਡਾ ਦਫ਼ਤਰ ਦਾ ਸਾਮਾਨ ਅਟੈਚ ਕਰਨ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੁੱਡਾ ਵਲੋਂ 2011 ਵਿਚ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਗਈ ਸੀ, ਪ੍ਰੰਤੂ ਪਿੰਡ ਵਾਸੀਆਂ ਵਲੋਂ ਮੁਆਵਜ਼ਾ ਵਧਾਉਣ ਲਈ ਪਾਏ ਕੇਸ ਵਿਚ ਪਿੰਡ ਵਾਸੀਆਂ ਦੇ ਹੱਕ ਵਿਚ ਫ਼ੈਸਲਾ ਆਉਣ ਦੇ ਬਾਵਜੂਦ ਗਮਾਡਾ ਵਲੋਂ ਪਿੰਡ ਵਾਸੀਆਂ ਦੀ 3.98 ਕਰੋੜ ਰੁ. ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮਾਣਯੋਗ ਅਦਾਲਤ ਵਲੋਂ ਪਿੰਡ ਵਾਸੀਆਂ ਵਲੋਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਗਮਾਡਾ ਦਫ਼ਤਰ ਦਾ ਸਾਮਾਨ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਦੇ ਤਹਿਤ ਅੱਜ ਅਦਾਲਤੀ ਕਰਮਚਾਰੀਆਂ ਦੇ ਨਾਲ 68 ਕੁਰਸੀਆਂ, 51 ਟੇਬਲ, 16 ਅਲਮਾਰੀਆਂ, 25 ਪੱਖੇ ਅਤੇ 8 ਏ. ਸੀ. ਆਦਿ ਅਟੈਚ ਕੀਤੇ ਗਏ ਹਨ | ਇਸ ਸੰਬੰਧੀ ਗਮਾਡਾ ਦੇ ਭੌਂ-ਪ੍ਰਾਪਤੀ ਕੁਲੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਜ਼ਮੀਨ ਦੇ ਪੈਸੇ ਦੀ ਅਦਾਇਗੀ ਯੂਨੀਟੈੱਕ ਕੰਪਨੀ ਵਲੋਂ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਇਹ ਜ਼ਮੀਨ ਗਮਾਡਾ ਵਲੋਂ ਐਕਵਾਇਰ ਕਰਕੇ ਯੂਨੀਟੈੱਕ ਕੰਪਨੀ ਨੂੰ ਦਿੱਤੀ ਗਈ ਸੀ ਅਤੇ ਜ਼ਮੀਨ ਦੀ ਰਾਸ਼ੀ ਯੂਨੀਟੈੱਕ ਕੰਪਨੀ ਵਲੋਂ ਗਮਾਡਾ ਕੋਲ ਜਮ੍ਹਾਂ ਕਰਵਾਈ ਜਾਣੀ ਹੈ, ਜਿਸ ਤੋਂ ਬਾਅਦ ਇਹ ਰਾਸ਼ੀ ਪਿੰਡ ਵਾਸੀਆਂ ਨੂੰ ਦਿੱਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਯੂਨੀਟੈੱਕ ਕੰਪਨੀ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਹੈ ਅਤੇ ਇਸ ਮਾਮਲੇ ਦਾ ਜਲਦ ਹੀ ਨਿਬੇੜਾ ਹੋ ਜਾਵੇਗਾ | ਇਸ ਮੌਕੇ ਸਰਪੰਚ ਗੁਰਜੰਟ ਸਿੰਘ ਭਾਗੋਮਾਜਰਾ, ਸੋਨੰੂ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਸੁਰਮੁੱਖ ਸਿੰਘ ਪੰਚ, ਰਮੇਸ਼ ਕੁਮਾਰ, ਜਸਵੀਰ ਸਿੰਘ ਜੱਸਾ, ਕੁਲਦੀਪ ਸਿੰਘ ਪੂਨੀਆ, ਕੁਲਵੰਤ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਅੰਮਿ੍ਤ ਜੋਤ ਸਿੰਘ ਪੂਨੀਆ, ਕਰਮ ਸਿੰਘ, ਅਵਤਾਰ ਸਿੰਘ, ਬਲਵੰਤ ਸਿੰਘ, ਹਰਬੰਸ ਲਾਲ, ਰਣਜੀਤ ਸਿੰਘ, ਟੋਨੀ, ਬਿੱਲਾ, ਦਰਸ਼ਨ ਕੁਮਾਰ, ਜਗਤਾਰ ਸਿੰਘ ਤੇ ਬਿੱਟੂ ਲਾਲਾ ਆਦਿ ਵੀ ਹਾਜ਼ਰ ਸਨ |