ਐੱਸ. ਏ. ਐੱਸ. ਨਗਰ, 4 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫ਼ੇਜ਼ 6 'ਚ ਸਥਿਤ ਸਰਕਾਰੀ ਹਸਪਤਾਲ ਵਿਚ ਹਾਊਸ ਕੀਪਿੰਗ ਸਟਾਫ਼ ਵਜੋਂ ਕੰਟਰੈਕਟ ਦੇ ਆਧਾਰ 'ਤੇ ਕੰਮ ਕਰਦੀ ਮਹਿਲਾ ਰਾਜ ਰਾਣੀ ਦੇ ਤਿਲਕਣ ਕਾਰਨ ਸੱਟ ਲੱਗ ਜਾਣ ਤੋਂ ਬਾਅਦ ਸਹੀ ਇਲਾਜ ਕਰਨ ਦੀ ਮੰਗ ਕਰਦਿਆਂ ਹਾਊਸ ਕੀਪਿੰਗ ਸਟਾਫ਼ ਵਲੋਂ ਪੰਜਾਬ ਸਰਕਾਰ, ਸਰਕਾਰੀ ਹਸਪਤਾਲ ਮੈਨੇਜਮੈਂਟ ਅਤੇ ਆਪਣੀ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਹਾਊਸ ਕੀਪਿੰਗ ਸਟਾਫ਼ ਦੇ ਆਗੂ ਨੀਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਹਾਊਸ ਕੀਪਿੰਗ ਵਜੋਂ ਕੰਮ ਕਰਦੇ ਉਹ ਅਤੇ ਉਕਤ ਮਹਿਲਾ ਬੀਤੇ ਦਿਨ ਹਸਪਤਾਲ ਦੀ ਪਹਿਲੀ ਮੰਜ਼ਿਲ ਤੇ ਸਫ਼ਾਈ ਕਰਨ ਗਏ ਸਨ ਉੱਥੇ ਬਰਸਾਤ ਕਾਰਨ ਮਹਿਲਾ ਕਰਮੀ ਦੇ ਪੈਰ ਤਿਲ੍ਹਕਣ ਕਰਕੇ ਮਹਿਲਾ ਕਰਮੀ ਡਿੱਗ ਪਈ ਤੇ ਉਸਦੇ ਸੱਟ ਵੱਜੀ ਜਦੋਂ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਹਸਪਤਾਲ ਵਲੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਪਰ ਕੁੱਝ ਸਮੇਂ ਬਾਅਦ ਸੈਕਟਰ 32 ਦੇ ਹਸਪਤਾਲ ਵਲੋਂ ਉਸ ਨੂੰ ਠੀਕ ਕਰਾਰ ਦਿੰਦਿਆਂ ਘਰ ਭੇਜ ਦਿੱਤਾ, ਪਰ ਘਰ ਆ ਕੇ ਮਹਿਲਾ ਦੀ ਹਾਲਤ ਵਿਗੜਨ ਤੇ ਅੱਜ ਉਸ ਨੂੰ ਮੁੜ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਜਦੋਂ ਇਸ ਸੰਬੰਧੀ ਹਾਊਸ ਕੀਪਿੰਗ ਸਟਾਫ਼ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਕੱਠੇ ਹੋ ਕੇ ਉਕਤ ਮਹਿਲਾ ਕਰਮੀ ਦਾ ਸਹੀ ਇਲਾਜ ਕਰਨ ਦੀ ਮੰਗ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਇਕੱਠੇ ਹੋਏ ਹਾਊਸ ਕੀਪਿੰਗ ਸਟਾਫ਼ ਵਲੋਂ ਪੰਜਾਬ ਸਰਕਾਰ ਤੇ ਹਸਪਤਾਲ ਮੈਨੇਜਮੈਂਟ ਤੋਂ ਉਕਤ ਜ਼ਖਮੀ ਮਹਿਲਾ ਦਾ ਉਚਿੱਤ ਇਲਾਜ ਕਰਾਉਣ ਦੀ ਮੰਗ ਕੀਤੀ |