ਲਾਲੜੂ, 4 ਸਤੰਬਰ (ਰਾਜਬੀਰ ਸਿੰਘ)-ਬੀਤੇ ਕੱਲ੍ਹ ਹੋਈ ਭਾਰੀ ਬਰਸਾਤ ਕਾਰਨ ਅਤੇ ਮੀਰਪੁਰਾ ਤੋਂ ਆਉਂਦੇ ਚੋਏ ਦੇ ਪਾਣੀ ਦੀ ਮਾਰ ਦੇ ਚਲਦਿਆਂ ਪਿੰਡ ਸਿਤਾਰਪੁਰ ਦੇ ਕਰੀਬ ਦੋ ਦਰਜਨ ਘਰਾਂ 'ਚ ਪਾਣੀ ਦਾਖ਼ਲ ਹੋ ਗਿਆ, ਜਿਸ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ | ਇਸ ਦੇ ਨਾਲ ਹੀ ਪਾਣੀ ਦੀ ਆਮਦ ਜ਼ਿਆਦਾ ਹੋਣ ਕਾਰਨ ਨੇੜਲੇ ਪਿੰਡਾਂ ਦੇ ਖੇਤਾਂ 'ਚ ਵੀ ਪਾਣੀ ਭਰ ਗਿਆ ਹੈ, ਜਿਸ ਦੇ ਚਲਦਿਆਂ ਫ਼ਸਲਾਂ ਡੁੱਬ ਚੁੱਕੀਆਂ ਹਨ | ਬਰਸਾਤ ਦਾ ਪਾਣੀ ਆਉਣ 'ਤੇ ਕੁਝ ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਮਿੱਟੀ ਦੇ ਭਰੇ ਥੈਲੇ ਲਗਾ ਕੇ ਪਾਣੀ ਨੂੰ ਵੜ੍ਹਨ ਤੋਂ ਰੋਕ ਲਿਆ, ਪਰ ਕੁਝ ਘਰਾਂ 'ਚ ਪਾਣੀ ਦਾਖ਼ਲ ਹੋਣ ਤੋਂ ਰੋਕਣ 'ਚ ਪਿੰਡ ਵਾਸੀ ਨਾਕਾਮ ਰਹੇ | ਪਿੰਡ ਵਾਸੀ ਪੰਚ ਗੁਰਜੰਟ ਸਿੰਘ, ਮੇਵਾ ਸਿੰਘ, ਦਲੇਰ ਸਿੰਘ, ਪ੍ਰਦੀਪ ਸਿੰਘ, ਬਲਰਾਮ ਸਿੰਘ, ਗੁਰਪ੍ਰੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਭਾਰੀ ਬਰਸਾਤ ਦੇ ਕਾਰਨ ਪਿੰਡ ਦੇ ਘਰਾਂ 'ਚ ਪਾਣੀ ਵੜਿ੍ਹਆ ਹੈ | ਉਨ੍ਹਾਂ ਕਿਹਾ ਕਿ ਸੜਕ ਨੇੜਲੇ ਘਰਾਂ 'ਚ ਤਾਂ ਇਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ ਸੀ ਅਤੇ ਲੋਕ ਰਾਤ ਨੂੰ ਹੀ ਮਿੱਟੀ ਦੇ ਥੈਲੇ ਲਗਾ ਕੇ ਪਾਣੀ ਨੂੰ ਬਾਹਰ ਕੱਢਦੇ ਰਹੇ, ਪਰ ਫਿਰ ਵੀ ਘਰਾਂ ਇਕ-ਇਕ ਫੁੱਟ ਪਾਣੀ ਦਾਖ਼ਲ ਹੋ ਗਿਆ | ਉਨ੍ਹਾਂ ਦੱਸਿਆ ਕਿ ਕਈ ਘਰਾਂ 'ਚ ਰੱਖੀ ਕਣਕ ਸਮੇਤ ਹੋਰ ਸਮੱਗਰੀ ਨੂੰ ਵੀ ਬਰਸਾਤ ਦੇ ਪਾਣੀ ਨੇ ਆਪਣੀ ਲਪੇਟ 'ਚ ਲੈ ਲਿਆ | ਪਿੰਡ ਵਾਸੀਆਂ ਅਨੁਸਾਰ ਅੱਜ ਸ਼ਾਮ ਤੱਕ ਵੀ ਪਾਣੀ ਦੀ ਆਮਦ ਬਹੁਤ ਜ਼ਿਆਦਾ ਸੀ | ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਜੇਕਰ ਮੁੜ ਤੋਂ ਮੀਂਹ ਪੈਂਦਾ ਹੈ ਜਾਂ ਪਾਣੀ ਦੀ ਆਮਦ ਵਧਦੀ ਹੈ ਤਾਂ ਪਿੰਡ ਦੇ ਹਰ ਘਰ 'ਚ ਪਾਣੀ ਦਾਖ਼ਲ ਹੋ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ 'ਚ ਦਿੱਕਤ ਆਈ ਹੈ, ਪ੍ਰਸਾਸ਼ਨ ਉਨ੍ਹਾਂ ਦੀ ਬਾਂਹ ਜ਼ਰੂਰ ਫੜ੍ਹੇ | ਉਨ੍ਹਾਂ ਕਿਹਾ ਕਿ ਜਿਥੇ ਘਰਾਂ ਦਾ ਨੁਕਸਾਨ ਹੋਇਆ ਹੈ, ਉਥੇ ਹੀ ਪਿੰਡ ਧਰਮਗੜ੍ਹ, ਰਾਮਗੜ੍ਹ ਰੁੜਕੀ, ਬਟੌਲੀ, ਕੁਰਲੀ, ਜਾਸਤਨਾਂ ਕਲਾਂ, ਜਾਸਤਨਾਂ ਖੁਰਦ ਤੇ ਮਲਕਪੁਰ ਸਮੇਤ ਨੇੜਲੇ ਪਿੰਡਾਂ ਦੀ ਫ਼ਸਲ ਵੀ ਪਾਣੀ 'ਚ ਡੁੱਬੀ ਹੋਈ ਹੈ ਅਤੇ ਜੇਕਰ ਜਲਦ ਪਾਣੀ ਨਹੀਂ ਉਤਰਦਾ ਤਾਂ ਫ਼ਸਲ: ਦਾ ਨੁਕਸਾਨ ਹੋਣਾ ਵੀ ਤੈਅ ਹੈ |