ਜ਼ੀਰਕਪੁਰ, 5 ਸਤੰਬਰ (ਹੈਪੀ ਪੰਡਵਾਲਾ)-ਆਰਟਜ਼ੇਰਾ ਗੈਲਰੀ ਵਲੋਂ ਇਥੇ ਕਰਵਾਏ ਗਏ ਮੈਡਨ ਐਗਜ਼ੀਵਿਸ਼ਨ ਤੇ ਲਾਈਵ ਪੇਂਟਿੰਗ ਸ਼ੋਅ ਨੇ ਕਲਾ ਪ੍ਰੇਮੀਆਂ ਨੂੰ ਵਿਲੱਖਣ ਅਨੁਭਵ ਪ੍ਰਦਾਨ ਕੀਤਾ | ਪ੍ਰੋਗਰਾਮ 'ਚ ਸੈਂਕੜੇ ਕਲਾ ਪ੍ਰੇਮੀਆਂ, ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਕਰਨਲ ਨਰਪਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਲਾ ਨੂੰ ਵਧਾਵਾ ਦੇਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਵੀ ਕਰਦੇ ਹਨ | ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਲਾਕਾਰ ਜਸਵੀਰ ਰਾਮ ਰਹੇ, ਜਿਨ੍ਹਾਂ ਦੀਆਂ ਕਲਾਕਿ੍ਤੀਆਂ ਨੂੰ ਦਰਸ਼ਕਾਂ ਵਲੋਂ ਬੇਹੱਦ ਸਰਾਹਿਆ ਗਿਆ | ਉਨ੍ਹਾਂ ਦੀ ਵਿਲੱਖਣ ਸ਼ੈਲੀ ਅਤੇ ਰਚਨਾਤਮਿਕਤਾ ਨੇ ਸਭ ਦਾ ਮਨ ਮੋਹ ਲਿਆ ਅਤੇ ਸੈਂਕੜੇ ਕਲਾ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ | ਇਸ ਦੇ ਨਾਲ ਹੀ ਕਲਾਕਾਰ ਜਗਜੀਤ ਸਿੰਘ, ਕੇਸ਼ਵ ਤੇ ਦਿਨੇਸ਼ ਵਿਸ਼ਵਕਰਮਾ ਸਮੇਤ ਹੋਰਨਾਂ ਕਲਾਕਾਰਾਂ ਨੇ ਵੀ ਆਪਣੀਆਂ ਕਲਾਤਮਕ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਰੰਗਾਂ ਦੀ ਚਮਕ, ਸੰਗੀਤ ਤੇ ਦਰਸ਼ਕਾਂ ਦਾ ਉਤਸ਼ਾਹ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਰਿਹਾ ਸੀ | ਗੈਲਰੀ ਦੀ ਪ੍ਰਬੰਧਕ ਜੋਤੀ ਕਟਨਾ ਨੇ ਦੱਸਿਆ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਕਲਾ ਸਮਾਰੋਹ ਕਰਵਾਏ ਜਾਣਗੇ |