ਡੇਰਾਬੱਸੀ, 6 ਸਤੰਬਰ (ਗੁਰਮੀਤ ਸਿੰਘ)-ਪਿੰਡ ਖੇੜੀ ਸੁੰਡਰਾਂ ਵਿਖੇ ਇਕ ਦਰਦਨਾਕ ਘਟਨਾ ਸਾਹਮਣੇ ਆਈ, ਜਿਸ ਦੌਰਾਨ ਘਰ ਦੇ ਬਾਹਰ ਗਲੀ 'ਚ ਖੇਡ ਰਹੇ 5 ਸਾਲਾ ਬੱਚੇ 'ਤੇ ਕਾਰ ਚੜ੍ਹਾਉਣ ਉਪਰੰਤ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਬੱਚਾ ਕਾਰ ਦੇ ਟਾਇਰ ਹੇਠ ਆਉਣ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਪਰਿਵਾਰ ਵਲੋਂ ਕਾਰ ਦੇ ਨੰਬਰ ਸਮੇਤ ਘਟਨਾ ਦੀ ਸ਼ਿਕਾਇਤ ਮੁਬਾਰਕਪੁਰ ਪੁਲਿਸ ਨੂੰ ਕਰਨ 'ਤੇ ਪੁਲਿਸ ਵਲੋਂ 3 ਦਿਨ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ | ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਉਨ੍ਹਾਂ 'ਤੇ ਸਮਝੌਤੇ ਲਈ ਦਬਾਅ ਪਾ ਰਹੀ ਹੈ | ਹਾਦਸੇ 'ਚ ਜ਼ਖ਼ਮੀ ਹੋਏ ਬੱਚੇ ਬਾਦਲ (5) ਦੇ ਪਿਤਾ ਸੁਨੀਲ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਾਰ ਚਾਲਕ ਨੇ ਬੱਚਿਆਂ ਵੱਲ ਧਿਆਨ ਦਿੱਤੇ ਬਿਨਾਂ ਗੱਡੀ ਬੱਚੇ 'ਤੇ ਚੜ੍ਹਾ ਦਿੱਤੀ | ਹਾਦਸੇ 'ਚ ਬਾਦਲ ਦੇ ਸਿਰ ਤੇ ਮੂੰਹ 'ਤੇ ਗੰਭੀਰ ਸੱਟ ਆਈ ਹੈ ਅਤੇ ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਕਾਰ ਚਾਲਕ ਹਾਦਸੇ ਮਗਰੋਂ ਕਾਰ ਰੋਕਣ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਗਿਆ | ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇਖ ਕੇ ਆਮ ਲੋਕਾਂ ਵਲੋਂ ਵੀ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਉਧਰ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |