ਕੁਰਾਲੀ, 6 ਸਤੰਬਰ (ਬਿੱਲਾ ਅਕਾਲਗੜ੍ਹੀਆ)-ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਅੱਜ ਕੁਰਾਲੀ ਵਿਖੇ ਕਾਂਗਰਸੀ ਵਰਕਰਾਂ ਅਤੇ ਹੋਰਨਾਂ ਸਥਾਨਕ ਆਗੂਆਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜਣ ਦੇ ਮਾਮਲੇ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ 'ਚ ਹੜ੍ਹਾਂ ਕਾਰਨ ਕਈ ਪਿੰਡਾਂ ਅਤੇ ਇਲਾਕਿਆਂ ਦੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਇਸ ਲਈ ਕਾਂਗਰਸ ਵਰਕਰਾਂ ਦੀ ਡਿਊਟੀ ਹੈ ਕਿ ਉਹ ਲੋਕਾਂ ਦੀ ਮਦਦ ਲਈ ਅੱਗੇ ਆਉਣ | ਉਨ੍ਹਾਂ ਪਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਰਾਹਤ ਲਈ ਲੋੜੀਂਦੀ ਸਮੱਗਰੀਂ ਜਿਵੇਂ ਕਿ ਰਾਸ਼ਨ, ਪੀਣ ਵਾਲਾ ਪਾਣੀ, ਕੰਬਲ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਇਕੱਠੀਆਂ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਪੁੱਜਦਾ ਕਰਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੇ ਸੁੱਖ-ਦੁੱਖ 'ਚ ਸਾਥੀ ਰਹੀ ਹੈ ਅਤੇ ਰਹੇਗੀ | ਜੀਤੀ ਪਡਿਆਲਾ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਖ਼ੁਦ ਦੇ ਖ਼ਰਚ ਨਾਲ ਵੀ ਰਾਹਤ ਸਮੱਗਰੀ ਪਹੁੰਚਾਉਣ 'ਚ ਯੋਗਦਾਨ ਪਾਉਣਗੇ ਅਤੇ ਵਰਕਰਾਂ ਦੇ ਸਹਿਯੋਗ ਨਾਲ ਹਰ ਪ੍ਰਭਾਵਿਤ ਪਰਿਵਾਰ ਤੱਕ ਮਦਦ ਪਹੁੰਚੇਗੀ | ਮੀਟਿੰਗ ਦੌਰਾਨ ਹੜ੍ਹ-ਰਾਹਤ ਕਾਰਜਾਂ ਲਈ ਖਾਸ ਟੀਮਾਂ ਵੀ ਬਣਾਈਆਂ ਗਈਆਂ ਜੋ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ 'ਤੇ ਨਿਗਰਾਨੀ ਕਰਦੀਆਂ ਰਹਿਣਗੀਆਂ ਅਤੇ ਲੋੜ ਅਨੁਸਾਰ ਤੁਰੰਤ ਮਦਦ ਮੁਹੱਈਆ ਕਰਵਾਉਣਗੀਆਂ | ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਗੁਰਿੰਦਰ ਸਿੰਘ ਗਿੱਲ ਬਡਾਲਾ, ਸਾਬਕਾ ਕੌਂਸਲਰ ਮਲਾਗਰ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਬਲਬੀਰ ਸਿੰਘ ਬਿੱਟੂ ਸੁਹਾਲੀ, ਕੌਂਸਲਰ ਰਮਾਕਾਂਤ ਕਾਲੀਆ, ਸ਼ਹਿਰੀ ਪ੍ਰਧਾਨ ਦਿਨੇਸ਼ ਗੌਤਮ, ਬਹਾਦਰ ਸਿੰਘ ਸ਼ੇਖਪੁਰਾ, ਕੁਲਦੀਪ ਸਿੰਘ ਸ਼ੇਰਗਿੱਲ ਸਹੌੜਾਂ, ਪਰਵਿੰਦਰ ਸਿੰਘ ਸੈਣੀ ਅਤੇ ਸਾਬਕਾ ਸਰਪੰਚ ਸਤਿੰਦਰ ਸਿੰਘ ਸੱਤੀ ਵੀ ਹਾਜ਼ਰ ਸਨ |