ਚੰਡੀਗੜ੍ਹ, 21 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਸ਼ਹਿਰ ਵਿਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਰੁੱਧ ਚਲਾਏ ਗਏ 2 ਵੱਖ-ਵੱਖ ਆਪ੍ਰੇਸ਼ਨਾਂ ਵਿਚ 3 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ, 9 ਕਿਲੋ 570 ਗ੍ਰਾਮ ਗਾਂਜਾ ਅਤੇ 90.69 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਨਸ਼ੀਲੇ ਪਦਾਰਥ ਦੇ ਇਕ ਵਿਆਪਕ ਮਾਮਲੇ ਵਿਚ 17 ਸਤੰਬਰ ਨੂੰ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਗਵਾਲਾ ਕਾਲੋਨੀ ਰੋਡ ਮਲੋਆ ਨੇੜੇ ਨਾਕਾਬੰਦੀ ਦੌਰਾਨ ਪੰਜਾਬ ਨੰਬਰੀ ਇਕ ਐਕਟਿਵਾ 'ਤੇ ਸਵਾਰ ਦੋ ਸ਼ੱਕੀਆਂ ਨੂੰ ਰੋਕਿਆ, ਉਨ੍ਹਾਂ ਦੀ ਪਛਾਣ ਰਜਤ (28) ਅਤੇ ਕੁਲਵੰਤ (30) ਵਜੋਂ ਹੋਈ, ਦੋਵੇਂ ਐਲ.ਆਈ.ਸੀ ਕਾਲੋਨੀ, ਮੁੰਡੀ ਖਰੜ ਦੇ ਰਹਿਣ ਵਾਲੇ ਹਨ | ਤਲਾਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਰੱਜਤ ਤੋਂ 4.84 ਕਿਲੋਗ੍ਰਾਮ ਗਾਂਜਾ ਅਤੇ ਕੁਲਵੰਤ ਤੋਂ 4.73 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ | ਇਸ ਮਾਮਲੇ ਸਬੰਧੀ ਮਲੋਆ ਪੁਲਿਸ ਸਟੇਸ਼ਨ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਲਜ਼ਮਾਂ ਦੀ ਐਕਟਿਵਾ ਨੂੰ ਜ਼ਬਤ ਕਰ ਲਿਆ ਗਿਆ | ਇਸ ਤੋਂ ਇਲਾਵਾ ਇਕ ਵੱਖਰੇ ਮਾਮਲੇ ਵਿਚ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁਲਾਹਰ ਪਿੰਡ, ਪਟਿਆਲਾ ਨੂੰ ਮਨੀ ਮਾਜਰਾ ਤੋਂ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 90.69 ਗ੍ਰਾਮ ਹੈਰੋਇਨ ਬਰਾਮਦ ਕੀਤੀ | ਜਿਸ ਸਬੰਧੀ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 ਤਹਿਤ ਥਾਣਾ ਮਨੀ ਮਾਜਰਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ | ਪੁੱਛਗਿੱਛ ਤੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਨੇ ਚੰਡੀਗੜ੍ਹ ਵਿਚ ਸਪਲਾਈ ਕਰਨ ਲਈ ਅੰਮਿ੍ਤਸਰ ਤੋਂ ਹੈਰੋਇਨ ਹਾਸਲ ਕੀਤੀ ਸੀ | ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਪ੍ਰੀਤ ਸਿੰਘ ਦਾ ਅਪਰਾਧਿਕ ਪਿਛੋਕੜ ਹੈ, ਜਿਸ 'ਤੇ ਪਹਿਲਾਂ 2017 ਅਤੇ 2021 ਵਿਚ ਪੰਜਾਬ ਵਿਚ ਆਬਕਾਰੀ ਐਕਟ ਤਹਿਤ ਅਤੇ ਜਬਰ ਜਨਾਹ ਦੇ ਦੋਸ਼ ਹੇਠ ਦੋ ਮਾਮਲੇ ਦਰਜ ਹਨ | ਨਸ਼ੇ ਦੇ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਨਿਰੀਖਣ ਅਤੇ ਚੈਕਿੰਗ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ |