ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਭਾਰਤ ਸਰਕਾਰ ਦੇ ਅਧੀਨ ਪੰਜ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਸਿੱਖਿਆ ਮੰਤਰਾਲੇ ਦੇ ਸਮਰਥਨ ਨਾਲ ਪੰਜਾਬ ਯੂਨੀਵਰਸਿਟੀ ਵਿਖੇ 'ਅਕਾਦਮਿਕ ਨੈੱਟਵਰਕਸ ਦੀ ਗਲੋਬਲ ਪਹਿਲ' ਵਿਸ਼ੇ 'ਤੇ ਕਰਵਾਈ ਵਰਕਸ਼ਾਪ ਦੀ ਅੱਜ ਸਮਾਪਤੀ ਹੋਈ | ਜਿਸਦਾ ਉਦੇਸ਼ ਸਫਲਤਾ ਲਈ ਲਾਇਸੈਂਸਿੰਗ, ਤਕਨਾਲੋਜੀ ਟਰਾਂਸਫਰ ਅਤੇ ਉਤਪਾਦ ਵਿਸਥਾਰ ਦੀ ਵਰਤੋਂ ਕਰਨਾ ਸੀ | ਪ੍ਰੋ. ਇੰਦੂ ਪਾਲ ਕੌਰ ਡੀਨ ਫੈਕਲਟੀ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਪ੍ਰੋਫੈਸਰ ਦੀ ਅਗਵਾਈ ਹੇਠ ਇਹ ਵਰਕਸ਼ਾਪ ਚਲਾਈ ਗਈ | ਦੇਸ਼ ਦੇ ਸੱਤ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 80 ਰਜਿਸਟਰਡ ਡੈਲੀਗੇਟਾਂ ਨੇ ਹਫ਼ਤੇ ਭਰ ਚੱਲੇ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ | ਵਰਕਸ਼ਾਪ ਦੀ ਸ਼ੁਰੂਆਤ ਐਡੀਲੇਡ ਯੂਨੀਵਰਸਿਟੀ ਆਸਟੇ੍ਰਲੀਆ ਦੇ ਵਿਦੇਸ਼ੀ ਫੈਕਲਟੀ ਪ੍ਰੋਫੈਸਰ ਸੰਜੇ ਗਰਗ ਨੇ ਆਪਣੇ ਅੰਤਰਰਾਸ਼ਟਰੀ ਤਜ਼ਰਬੇ ਦੀਆਂ ਦਿਲਚਸਪ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਕੇ ਕੀਤੀ | ਪਹਿਲੇ ਤਿੰਨ ਦਿਨਾਂ ਦੌਰਾਨ ਤਕਨਾਲੋਜੀ ਤਿਆਰੀ ਪੱਧਰਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਖੋਜ ਆਊਟਪੁੱਟ ਦੇ ਵਪਾਰੀਕਰਨ ਲਈ ਨਵੀਨਤਾਕਾਰਾਂ ਲਈ ਮਹੱਤਵਪੂਰਨ ਮਾਰਗਾਂ 'ਤੇ ਚਰਚਾ ਕੀਤੀ | ਚੌਥੇ ਦਿਨ ਮੁੰਬਈ ਤੋਂ ਡਾ. ਸੁਮੇਧਾ ਨਾਡਕਰ ਅਤੇ ਰੈਗੂਲੇਟਰੀ ਅਤੇ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਨ ਵਿਚ ਡੀ.ਐਮ.ਐਫ (ਡਰੱਗ ਮਾਸਟਰ ਫਾਈਲ) ਡੇਟਾਬੇਸ ਅਤੇ ਯੂ.ਐਸ ਐਫ.ਡੀ.ਏ ਆਰੇਂਜ ਬੁੱਕ ਦੀਆਂ ਮਹੱਤਵਪੂਰਨ ਭੂਮਿਕਾਵਾਂ ਬਾਰੇ ਸਪਸ਼ਟ ਤੌਰ 'ਤੇ ਗੱਲ ਕੀਤੀ | ਅੰਤਿਮ ਦਿਨ ਤਕਨਾਲੋਜੀ ਟਰਾਂਸਫ਼ਰ ਲਈ ਮਾਰਕੀਟ ਵਿਸ਼ਲੇਸ਼ਣ ਅਤੇ ਬੌਧਿਕ ਸੰਪਤੀ ਰਣਨੀਤੀਆਂ ਅਤੇ ਪੋਰਟਫੋਲੀਓ ਪ੍ਰਬੰਧਨ 'ਤੇ ਅਮਿਤਾਭ ਮਿਸ਼ਰਾ ਡੀ.ਜੀ.ਐਮ (ਬਾਇਓ-ਫਾਰਮਾ), ਦਿਵਿਆ ਕੌਸ਼ਿਕ ਰਜਿਸਟਰਡ ਪੇਟੈਂਟ ਏਜੰਟ ਦੁਆਰਾ ਇੱਕ ਮਾਹਰ ਸੈਸ਼ਨ ਪੇਸ਼ ਕੀਤਾ ਗਿਆ | ਵਰਕਸ਼ਾਪ ਵਿਚ ਭਾਗੀਦਾਰਾਂ ਨੂੰ 7-8 ਭਾਗੀਦਾਰਾਂ ਦੀਆਂ 10 ਟੀਮਾਂ ਵਿਚ ਵੰਡਿਆ ਗਿਆ ਅਤੇ ਉਨ੍ਹਾਂ ਨੂੰ ਪੇਸ਼ਕਾਰੀ ਲਈ 5+2 ਮਿੰਟ ਦਿੱਤੇ ਗਏ ਸਨ | ਤਿੰਨ ਟੀਮਾਂ ਨੂੰ ਸਭ ਤੋਂ ਵਧੀਆ ਚੁਣਿਆ ਗਿਆ | ਜੇਤੂ ਭਾਗੀਦਾਰਾ ਨੂੰ ਇਨਾਮਾ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਫੈਸਰ ਗੁਰਜਸਪ੍ਰੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |