ਜ਼ੀਰਕਪੁਰ, 24 ਸਤੰਬਰ (ਹੈਪੀ ਪੰਡਵਾਲਾ)-ਨੇੜਲੇ ਪਿੰਡ ਦਿਆਲਪੁਰਾ 'ਚ ਗੁਰੂ ਨਾਨਕ ਛਿੰਝ ਕਲੱਬ ਵਲੋਂ 67ਵਾਂ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਅਖਾੜਿਆਂ ਤੋਂ ਪਹੁੰਚੇ ਪਹਿਲਵਾਨਾਂ ਨੇ ਕਲਾ ਦੇ ਜੌਹਰ ਦਿਖਾਏ | ਇਸ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਉੱਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਪਹਿਲਵਾਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ 'ਚ ਖੇਡਾਂ ਦੇ ਮਹੱਤਵ 'ਤੇ ਚਾਨਣਾ ਪਾਇਆ | ਉਨ੍ਹਾਂ ਦਰਸ਼ਨੀ ਜੁੱਸੇ ਵਾਲੇ ਪਹਿਲਵਾਨਾਂ ਵਲੋਂ ਦਿਖਾਏ ਗਏ ਦਾਅ-ਪੇਚਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਵੇਖ ਹਰ ਕਿਸੇ ਨੂੰ ਜੋਸ਼ ਆਉਂਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਜਿਹੇ ਖੇਡ ਮੇਲੇ ਅਹਿਮ ਰੋਲ ਅਦਾ ਕਰਦੇ ਹਨ | ਉਨ੍ਹਾਂ ਆਖਿਆ ਕਿ ਇਹ ਛਿੰਝ ਇਲਾਕੇ ਦੇ ਨੌਜਵਾਨਾਂ ਲਈ ਰਾਹ ਦਸੇਰੇ ਦਾ ਕੰਮ ਕਰੇਗੀ | ਇਸੇ ਦੌਰਾਨ ਉਨ੍ਹਾਂ ਕੁਸ਼ਤੀ ਆਰੰਭ ਕਰਵਾਉਂਦਿਆਂ ਕਲੱਬ ਨੂੰ 21 ਹਜ਼ਾਰ ਰੁ. ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ | ਉਨ੍ਹਾਂ ਪੇਂਡੂ ਖੇਡ ਮੇਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ 'ਚ ਹੋਣ ਵਾਲੇ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਮੇਲੇ ਸਾਡੇ ਅਮੀਰ ਵਿਰਸੇ ਦੇ ਪ੍ਰਤੀਕ ਹਨ | ਅਖਾੜੇ, ਕਬੱਡੀ, ਬਲਦਾਂ ਦੀਆਂ ਦੌੜਾਂ ਤੇ ਛਿੰਝ ਮੇਲੇ ਸਾਡੀ ਸ਼ਾਨ ਹਨ | ਉਨ੍ਹਾਂ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ, ਸਾਬਕਾ ਸਰਪੰਚ ਰਜਿੰਦਰ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸਾਨੰਤ ਭਾਰਦਵਾਜ, ਹਰਪ੍ਰੀਤ ਸਿੰਘ, ਦਵਿੰਦਰ ਧਨੌਨੀ ਤੇ ਰਾਜੂ ਖੇੜੀ ਗੁੱਜਰਾਂ ਆਦਿ ਹਾਜ਼ਰ ਸਨ |