ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ 'ਰੋਬੋ ਸਾਕਰ' 'ਤੇ ਇਕ ਵਿਸ਼ੇਸ਼ ਦਿਲਚਸਪ ਸੈਸ਼ਨ ਕਰਵਾਇਆ | ਇਹ ਸੈਸ਼ਨ ਆਈ. ਆਈ. ਟੀ. ਖੜਗਪੁਰ ਦੇ ਇਲੈਕਟਿ੍ਕਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਆਲੋਕ ਕਾਂਤੀ ਦੇਬ ਵਲੋਂ ਪ੍ਰਸਤੁਤ ਕੀਤਾ ਗਿਆ, ਜੋ ਕਿ ਖੜਗਪੁਰ ਰੋਬੋ ਸਾਕਰ ਸਟੂਡੈਂਟਸ ਗਰੁੱਪ ਨਾਲ ਸਬੰਧਤ ਹਨ | ਡਾ. ਦੇਬ ਦੇ ਖੋਜ ਖੇਤਰਾਂ ਵਿਚ ਕੰਟਰੋਲ ਸਿਸਟਮ, ਕੰਪਿਊਟੇਸ਼ਨਲ ਇੰਟੈਲੀਜੈਂਸ ਅਤੇ ਆਟੋਮੋਟਿਵ ਡਾਇਗਨੋਸਟਿਕਸ ਸ਼ਾਮਲ ਹਨ | ਉਨ੍ਹਾਂ ਨੇ ਆਪਣੇ ਵਿਚਾਰਾਂ ਵਿਚ ਦਰਸਾਇਆ ਕਿ ਰੋਬੋ ਸਾਕਰ ਸਿਰਫ਼ ਇਕ ਤਕਨੀਕੀ ਅਭਿਆਸ ਨਹੀਂ, ਸਗੋਂ ਇਹ ਰੋਬੋਟਿਕਸ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਕੰਟਰੋਲ ਸਿਸਟਮ ਦਾ ਅਜਿਹਾ ਮਿਲਾਪ ਹੈ ਜੋ ਅਸਲੀ ਫੁੱਟਬਾਲ ਮੈਚ ਦੀਆਂ ਜਟਿਲਤਾਵਾਂ ਨੂੰ ਸਮਝਣ ਤੇ ਹੱਲ ਕਰਨ ਦਾ ਮੌਕਾ ਦਿੰਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਰੋਬੋ ਸਾਕਰ ਸਵੈ-ਚਾਲਕ ਏਜੰਟਸ, ਮਸ਼ੀਨ ਲਰਨਿੰਗ ਐਲਗੋਰਿਦਮ, ਫੈਸਲਾ ਲੈਣ ਦੀਆਂ ਰਣਨੀਤੀਆਂ ਅਤੇ ਕੋਆਪਰੇਟਿਵ ਕੰਟਰੋਲ ਸਿਸਟਮਾਂ ਦੇ ਵਿਕਾਸ ਲਈ ਇਕ ਪ੍ਰਯੋਗਸ਼ਾਲਾ ਵਾਂਗ ਕੰਮ ਕਰਦਾ ਹੈ | ਇਹ ਖੇਤਰ ਵਿਦਿਆਰਥੀਆਂ ਵਿਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਰੋਬੋਟਿਕਸ ਅਤੇ ਏ. ਆਈ. ਅਧਾਰਿਤ ਤਕਨੀਕਾਂ ਲਈ ਤਿਆਰ ਕਰਦਾ ਹੈ | ਇਹ ਲੈਕਚਰ ਨਾ ਸਿਰਫ਼ ਜਾਣਕਾਰੀ ਭਰਪੂਰ ਅਤੇ ਦਿਲਚਸਪ ਰਿਹਾ, ਸਗੋਂ ਪੀ.ਈ.ਸੀ. ਦੀ ਉਸ ਦਿ੍ਸ਼ਟੀ ਨਾਲ ਵੀ ਮੇਲ ਖਾਂਦਾ ਹੈ | ਜਿਸਦੇ ਤਹਿਤ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਇਨੋਵੇਸ਼ਨ ਅਤੇ ਅੰਤਰਵਿਸ਼ਿਆਈ ਸਿਖਲਾਈ ਨਾਲ ਜੋੜਿਆ ਜਾਂਦਾ ਹੈ |