ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਸਥਾਨਕ ਫੇਜ਼-8 ਦੇ ਪੁਲਿਸ ਥਾਣੇ ਸਾਹਮਣੇ ਪਲਾਟ ਵਿਚ ਖੜ੍ਹੇ ਕੇਸ ਪ੍ਰਾਪਰਟੀ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਰੀਬ ਅੱਧੇ ਘੰਟੇ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਘਟਨਾ ਵਿਚ ਲਗਪਗ 8 ਤੋਂ 9 ਵਾਹਨ ਪੂਰੀ ਤਰ੍ਹਾਂ ਸੜ ਗਏ | ਮੁੱਢਲੀ ਜਾਂਚ ਉਪਰੰਤ ਆਖਿਆ ਜਾ ਰਿਹਾ ਹੈ ਕਿ ਉਕਤ ਪਲਾਟ ਦੇ ਨੇੜੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿੱਥੇ ਕਿ ਵੈਲਡਿੰਗ ਕੀਤੀ ਜਾ ਰਹੀ ਸੀ ਤੇ ਵੈਲਡਿੰਗ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਘਾਹ ਨੇ ਅੱਗ ਫੜ੍ਹ ਲਈ ਤੇ ਫਿਰ ਹੌਲੀ-ਹੌਲੀ ਅੱਗੇ ਨੇ ਕੇਸ ਪ੍ਰਾਪਰਟੀ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ | ਇਸੇ ਦੌਰਾਨ ਫਾਇਰ ਅਫ਼ਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸਵੇਰੇ 11:35 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਥਾਣਾ ਫੇਜ਼-8 ਦੇ ਸਾਹਮਣੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ ਹੈ | ਇਸ ਤੋਂ ਬਾਅਦ ਦੋ ਫਾਇਰ ਟੈਂਡਰਾਂ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ ਅਤੇ ਉਸ ਸਮੇਂ ਤੱਕ ਕਈ ਵਾਹਨ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ | ਟੀਮ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਭਾਰੀ ਮੁਸ਼ੱਕਤ ਕੀਤੀ ਅਤੇ ਕਰੀਬ ਅੱਧੇ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਇਹ ਇਲਾਕਾ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਇਥੇ ਫੋਰਟਿਸ ਹਸਪਤਾਲ, ਪੁੱਡਾ ਭਵਨ, ਪੰਚਾਇਤ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਰਗੀਆਂ ਮਹੱਤਵਪੂਰਨ ਇਮਾਰਤਾਂ ਹਨ | ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫੋਰਟਿਸ ਹਸਪਤਾਲ ਦਾ ਸਟਾਫ਼ ਵੀ ਮੌਕੇ 'ਤੇ ਪਹੁੰਚ ਗਿਆ | ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹਸਪਤਾਲ ਦੇ ਸਟਾਫ਼ ਨਾਲ ਸੰਬੰਧਤ ਵਾਹਨ ਅੱਗ ਦੀ ਲਪੇਟ 'ਚ ਨਹੀਂ ਆਏ | ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਸੰਬੰਧੀ ਕਹਿਣਾ ਹੈ ਕਿ ਸ਼ੁਰੂਆਤੀ ਕਾਰਵਾਈ ਵਜੋਂ ਡੀ. ਡੀ. ਆਰ. ਦਰਜ ਕੀਤੀ ਗਈ ਹੈ ਅਤੇ ਪੜਤਾਲ ਪੂਰੀ ਹੋਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ |