ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)-ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ ਸਰਕਾਰ ਵਲੋਂ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) 7,710 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਬੇ ਵਿਚ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀ. ਸੀ. ਆਈ.) ਰਾਹੀਂ ਨਰਮੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ 'ਚਿੱਟੇ ਸੋਨੇ' ਭਾਵ ਨਰਮੇ ਦੀ ਮੰਡੀਆਂ 'ਚ ਆਮਦ ਦੇ ਬਾਵਜੂਦ ਸੀ.ਸੀ.ਆਈ. ਦੀ ਗੈਰ-ਹਾਜ਼ਰੀ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਐਮ.ਐਸ.ਪੀ. ਤੋਂ ਘੱਟ ਕੀਮਤ 'ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣੀ ਪੈ ਰਹੀ ਹੈ | ਇਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਫ਼ਸਲੀ ਵਿਭਿੰਨਤਾ ਸੰਬੰਧੀ ਸਰਗਰਮ ਪਹਿਲਕਦਮੀਆਂ ਸਦਕਾ ਸੂਬੇ ਵਿਚ ਨਰਮੇ ਦੀ ਕਾਸ਼ਤ ਹੇਠ ਰਕਬੇ ਵਿਚ 20 ਫ਼ੀਸਦੀ ਵਾਧਾ ਹੋਇਆ ਹੈ, ਜਦੋਂਕਿ ਹੁਣ ਖਰੀਦ ਪ੍ਰਕਿਰਿਆ ਸਮੇਂ ਸੀ.ਸੀ.ਆਈ. ਦੀ ਸ਼ੱਕੀ ਗੈਰ-ਹਾਜ਼ਰੀ ਕਿਸਾਨਾਂ ਲਈ ਨਿਰਾਸ਼ਾ ਦਾ ਸਬੱਬ ਬਣੀ ਹੋਈ ਹੈ | ਖੁੱਡੀਆਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਤੇ ਸੂਬੇ ਦੇ ਕਿਸਾਨਾਂ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ ਤਾਂ ਹੁਣ ਕੇਂਦਰ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਹਿੱਸੇ ਦਾ ਕੰਮ ਜਲਦ ਤੋਂ ਜਲਦ ਨਿਪਟਾਉਣਾ ਚਾਹੀਦਾ ਹੈ | ਉਨ੍ਹਾਂ ਮੰਗ ਉਠਾਈ ਕਿ ਸੀ.ਸੀ.ਆਈ ਬਿਨਾਂ ਕਿਸੇ ਦੇਰੀ ਦੇ ਤੁਰੰਤ ਨਰਮੇ ਦੀ ਖਰੀਦ ਸ਼ੁਰੂ ਕਰੇ |
ਖੇਤੀਬਾੜੀ ਮੰਤਰੀ ਨੇ ਪੰਜਾਬ ਦੀਆਂ ਮੰਡੀਆਂ 'ਚੋਂ ਕਾਟਨ ਕਾਰਪੋਰੇਸ਼ਨ ਦੀ ਗ਼ੈਰ-ਮੌਜੂਦਗੀ 'ਤੇ ਖੜ੍ਹੇ ਕੀਤੇ ਸਵਾਲ
ਅਜੀਤ ਡੈਸਕ
25-09-2025