ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)-ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਨੂੰ ਵਿਸ਼ਵ ਭਰ ਦੇ ਸੈਲਾਨੀਆਂ ਲਈ ਇਕ ਮੋਹਰੀ ਸੱਭਿਆਚਾਰਕ ਅਤੇ ਵਿਰਾਸਤੀ ਸਥਾਨ ਵਜੋਂ ਉਭਾਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ | ਸੌਂਦ ਨੇ ਕਿਹਾ ਕਿ ਸਾਲ 2024 ਦੌਰਾਨ ਸੈਰ-ਸਪਾਟਾ ਵਿਭਾਗ ਵਲੋਂ ਮਾਘੀ ਮੇਲਾ, ਬਸੰਤ ਤਿਉਹਾਰ, ਕਪੂਰਥਲਾ ਹੈਰੀਟੇਜ ਫੈਸਟੀਵਲ, ਕਿਲਾ ਰਾਏਪੁਰ ਪੇਂਡੂ ਓਲੰਪਿਕ, ਨੇਚਰ ਫੈਸਟੀਵਲ, ਬਠਿੰਡਾ ਵਿਰਾਸਤੀ ਮੇਲਾ, ਪਟਿਆਲਾ ਹੈਰੀਟੇਜ ਫ਼ੈਸਟੀਵਲ, ਹੋਲਾ ਮੁਹੱਲਾ ਅਤੇ ਨਿਹੰਗ ਉਲੰਪਿਕ ਸਮੇਤ ਕਈ ਪ੍ਰਮੁੱਖ ਸੱਭਿਆਚਾਰਕ ਮੇਲੇ ਤੇ ਤਿਉਹਾਰ ਕਰਵਾਏ ਗਏ | ਇਨ੍ਹਾਂ ਸਮਾਗਮਾਂ ਨੇ ਜਿੱਥੇ ਪੰਜਾਬ ਦੇ ਅਮੀਰ ਰੀਤੀ ਰਿਵਾਜ਼ ਨੂੰ ਪ੍ਰਦਰਸ਼ਿਤ ਕੀਤਾ ਉੱਥੇ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ | ਸੈਰ ਸਪਾਟਾ ਮੰਤਰੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ 2025 ਵਿਚ ਵੀ ਸਾਡੇ ਤਿਉਹਾਰ ਵੱਡੇ ਪੱਧਰ ਉੱਤੇ ਮਨਾਏ ਜਾ ਰਹੇ ਹਨ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਫ਼ਿਰੋਜ਼ਪੁਰ ਵਿਚ ਬਸੰਤ ਮੇਲਾ, ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ, ਪਟਿਆਲਾ ਹੈਰੀਟੇਜ ਫ਼ੈਸਟੀਵਲ, ਸ਼ਹੀਦ ਭਗਤ ਸਿੰਘ ਨਗਰ ਵਿਚ ਇਨਕਲਾਬ ਫ਼ੈਸਟੀਵਲ ਅਤੇ ਕਈ ਹੋਰ ਸਮਾਗਮਾਂ ਨਾਲ ਹੋਈ | ਉਨ੍ਹਾਂ ਨੇ ਕਿਹਾ ਕਿ ਪੰਜਾਬ, ਨਵੰਬਰ 2025 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਬਲੀਦਾਨ ਅਤੇ ਸੰਦੇਸ਼ ਨੂੰ ਅੱਗੇ ਫੈਲਾਉਣ ਲਈ ਕਈ ਸਮਾਗਮਾਂ ਦੀ ਲੜੀ ਮਨਾਉਣ ਜਾ ਰਿਹਾ ਹੈ | ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਨੂੰ ਇਸ ਇਤਿਹਾਸਕ ਯਾਦਗਾਰ ਦੀ ਯੋਜਨਾਬੰਦੀ ਅਤੇ ਪ੍ਰਬੰਧਨ ਲਈ ਨੋਡਲ ਵਿਭਾਗ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ | ਸੌਂਦ ਨੇ ਕਿਹਾ,Tਪੰਜਾਬ ਸੰਤਾਂ, ਸ਼ਹੀਦਾਂ ਅਤੇ ਕਵੀਆਂ ਦੀ ਧਰਤੀ ਹੈ | ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਅਸੀਂ ਦੁਨੀਆ ਨੂੰ ਸਾਡੀ ਸੱਭਿਆਚਾਰਕ ਅਮੀਰੀ, ਵਿਰਾਸਤ ਅਤੇ ਪ੍ਰਾਹੁਣਚਾਰੀ ਨੂੰ ਅਨੁਭਵ ਕਰਨ ਲਈ ਸੱਦਾ ਦਿੰਦੇ ਹਾਂ |