ਚੰਡੀਗੜ੍ਹ, 26 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਥ ਸ਼ਾਸਤਰ ਵਿਭਾਗ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਮਨਮੋਹਨ ਸਿੰਘ ਦਾ 93ਵਾਂ ਜਨਮ ਦਿਨ ਡਾ. ਮਨਮੋਹਨ ਸਿੰਘ ਹਾਲ ਆਰਟਸ ਬਲਾਕ 3 ਦੇ ਸੈਮੀਨਾਰ ਹਾਲ ਵਿਚ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਐਲੂਮਨੀ ਕੋਆਰਡੀਨੇਟਰ ਮਨਦੀਪ ਸਿੰਘ ਗਿੱਲ ਦੁਆਰਾ ਸਵਾਗਤੀ ਭਾਸ਼ਣ ਤੇ ਡਾ. ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣ-ਪਛਾਣ ਨਾਲ ਹੋਈ, ਜਿਨ੍ਹਾਂ ਨੇ ਡਾ. ਸਿੰਘ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ | ਇਸ ਤੋਂ ਬਾਅਦ ਇੱਕ ਦਿਲਚਸਪ ਸਵਾਲ-ਜਵਾਬ ਸੈਸ਼ਨ ਹੋਇਆ | ਵਿਭਾਗ ਦੀ ਚੇਅਰਪਰਸਨ ਡਾ. ਸਮਿਤਾ ਸ਼ਰਮਾ, ਅਤੇ ਫੈਕਲਟੀ ਮੈਂਬਰ ਡਾ. ਪਰਮਜੀਤ ਸਿੰਘ ਨੇ ਡਾ. ਰਮਨਜੀਤ ਕੌਰ, ਸ਼੍ਰੀ ਮਨਦੀਪ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ ਅਤੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਇਹ ਪ੍ਰੋਗਰਾਮ ਡਾ. ਸਿੰਘ ਦੀ ਬੁੱਧੀ, ਸਾਦਗੀ ਤੇ ਸੇਵਾ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਪ੍ਰਸ਼ੰਸਾ ਤੇ ਪ੍ਰੇਰਨਾ ਦੇ ਇਕ ਨੋਟ 'ਤੇ ਸਮਾਪਤ ਹੋਇਆ |