22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੰਡੀਗੜ੍ਹ 'ਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਲੱਗੀਆਂ ਖ਼ੂਬ ਰੌਣਕਾਂ <br/>

Ad Position 21
No active advertisement
ਅਜੀਤ ਡੈਸਕ 20-10-2025
ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਅÏਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਸ਼ਹਿਰ ਵਿਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਖ਼ੂਬ ਰੌਣਕਾਂ ਲੱਗੀਆਂ | ਖਾਸ ਕਰਕੇ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ 17, 22, 34, 35, 40, 41 ਅਤੇ ਸੈਕਟਰ 37 ਤੋਂ ਇਲਾਵਾ ਅਟਾਵਾ ਅਤੇ ਰਾਮ ਦਰਬਾਰ ਆਦਿ ਵਿਚ ਵੀ ਲੋਕਾਂ ਦੀਆਂ ਵੱਡੀਆਂ ਭੀੜਾਂ ਮਾਰਕੀਟਾਂ ਵਿਚ ਦੇਖਣ ਨੂੰ ਮਿਲੀਆਂ | ਵਿਸ਼ੇਸ਼ ਕਰ ਲੋਕ ਆਪਣੇ ਸਨੇਹੀਆਂ ਲਈ ਦੀਵਾਲੀ ਦੀਆਂ ਸ਼ੁਭਕਾਮਨਾ ਦੇਣ ਲਈ ਕਈ ਤਰ੍ਹਾਂ ਦੇ ਉਪਹਾਰ ਖ਼ਰੀਦਦੇ ਨਜ਼ਰੀਂ ਪਏ | ਇਹਨਾਂ ਸੈਕਟਰਾਂ ਵਿਚ ਕਈ ਦੁਕਾਨਦਾਰਾਂ ਦਾ ਇਹ ਵੀ ਮੰਨਣਾ ਸੀ ਕਿ ਇੱਕੋ ਮਹੀਨੇ ਵਿਚ ਦੁਸ਼ਹਿਰਾ, ਕਰਵਾ ਚੌਥ, ਅਤੇ ਦੀਵਾਲੀ ਤਿੰਨੋਂ ਪ੍ਰਮੁੱਖ ਤਿਉਹਾਰ ਆਉਣ ਨਾਲ ਲੋਕਾਂ ਦਾ ਬਜਟ ਜ਼ਰੂਰ ਲੜ- ਖੜਾਇਆ ਹੈ, ਜਿਸ ਕਰਕੇ ਦੀਵਾਲੀ ਦੇ ਤਿਉਹਾਰ ਦੀ ਖ਼ਰੀਦਦਾਰੀ ਵਿਚ ਵੀ ਥੋੜ੍ਹਾ ਬਹੁਤਾ ਅਸਰ ਜ਼ਰੂਰ ਪਿਆ ਹੈ | ਇਸੇ ਦੌਰਾਨ ਸੈਕਟਰ 17 ਵਿਖੇ ਸੈਂਕੜੇ ਹੀ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਦੀ ਪੂਰਬ ਸੰਧਿਆ ਨੂੰ ਹਰ ਵਰਗ ਦੇ ਲੋਕਾਂ ਨੇ ਪਲਾਜ਼ਾ ਤੇ ਇਕੱਠੇ ਹੋ ਕੇ ਖ਼ੁਸ਼ੀ ਵੀ ਸਾਂਝੀ ਕੀਤੀ | ਦੂਜੇ ਪਾਸੇ ਸ਼ਹਿਰ ਦੇ ਕਈ ਮੰਦਰਾਂ ਖ਼ਾਸ ਕਰਕੇ ਸਨਾਤਨ ਧਰਮ ਮੰਦਰ ਸੈਕਟਰ 22 ਵਿਖੇ ਵੱਡੀ ਗਿਣਤੀ 'ਚ ਔਰਤਾਂ ਨੇ ਦੀਵੇ ਬਾਲ ਕੇ ਪੂਜਾ ਅਰਚਨਾ ਵੀ ਕੀਤੀ | ਪੁਜਾਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਹੀ ਅਜਿਹਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਆ ਰਿਹਾ ਹੈ | ਸ਼ਹਿਰ ਵਿਚ ਕਈ ਥਾਵਾਂ 'ਤੇ ਛੋਟੇ ਸਮਾਗਮ ਵੀ ਸੈਕਟਰ ਦੇ ਲੋਕਾਂ ਵਲੋਂ ਕਰਵਾਏ ਗਏ, ਜਿਨ੍ਹਾਂ ਦੇ ਜ਼ਰੀਏ ਸ਼ਾਂਤੀ, ਭਾਈਚਾਰਾ, ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਪ੍ਰਚਾਰਨ ਦਾ ਵੀ ਸੱਦਾ ਦਿੱਤਾ ਗਿਆ | ਇਸੇ ਦੌਰਾਨ ਸੈਕਟਰ 20 ਵਿਖੇ ਸ੍ਰੀ ਹਨੂਮਾਨ ਜੀ ਦੇ ਵੀ ਗੁਣਗਾਨ ਕੀਤੇ ਗਏ | ਸਥਾਨਕ ਗੁਰੂ ਘਰਾਂ ਨੂੰ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ, ਦੂਜੇ ਪਾਸੇ ਕਈ ਥਾਵਾਂ 'ਤੇ ਵਾਹਨਾਂ ਦੀ ਬਹੁਤਾਤ ਕਾਰਨ ਲੋਕਾਂ ਨੂੰ ਜਾਮ ਦੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ | ਗਰੀਨ ਦੀਵਾਲੀ ਸਵੱਛ ਦੀਵਾਲੀ ਮੁਹਿੰਮ ਵੀ ਵਾਤਾਵਰਨ ਜਾਗਰੂਕਤਾ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਗਰੀਨ ਦੀਵਾਲੀ ਮੁਹਿੰਮ ਦਾ ਆਗਾਜ਼ ਵੀ ਕੀਤਾ ਗਿਆ | ਇਸ ਮੌਕੇ ਤੇ ਲੋਕਾਂ ਵਲੋਂ ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਕਹਿੰਦੇ ਹੋਏ ਪਟਾਕਿਆਂ ਨਾਲ ਜੀਵ- ਜੰਤੂਆਂ ਤੇ ਪੈਂਦੇ ਮਾੜੇ ਪ੍ਰਭਾਵ ਦਾ ਵੀ ਜ਼ਿਕਰ ਕੀਤਾ, ਉੱਥੇ ਵਾਤਾਵਰਨ ਨੂੰ ਬਚਾਉਣ ਪੱਖੀ ਢੰਗ-ਤਰੀਕੇ ਅਤੇ ਪਟਾਕਿਆਂ ਦੀ ਵਰਤੋਂ ਤੋਂ ਬਚਣ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ | ਇਸੇ ਦੌਰਾਨ ਗਰੀਨ ਪਟਾਕਿਆਂ ਅਤੇ ਮਿਠਾਈਆਂ ਨਾਲ ਸੱਜੀਆਂ ਦੁਕਾਨਾਂ 'ਤੇ ਵੀ ਲੋਕਾਂ ਦੀਆਂ ਭੀੜਾਂ ਵੇਖੀਆਂ ਗਈਆਂ | ਦੇਸ਼ ਭਰ ਵਿਚ ਛੋਟੀ ਦੀਵਾਲੀ ਦੇ ਰੂਪ ਵਿਚ ਮਨਾਈ ਜਾਂਦੀ ਅੱਜ ਦੀ ਸ਼ਾਮ ਹੁੰਦੇ ਹੀ ਲੋਕਾਂ ਨੇ ਆਪਣੇ ਘਰਾਂ ਵਿਚ ਦੀਪ ਮਾਲਾ ਕੀਤੀ | ਅੱਜ ਜਿੱਥੇ ਚੰਡੀਗੜ੍ਹ ਦੇ ਤਕਰੀਬਨ ਸਾਰੇ ਬਾਜ਼ਾਰ ਰੰਗਦਾਰ ਰੌਸ਼ਨੀਆਂ ਨਾਲ ਜਗ ਮਗਾਉਂਦੇ ਰਹੇ, ਉੱਥੇ ਲੋਕਾਂ ਵਲੋਂ ਵੀ ਆਪਣੇ ਘਰਾਂ ਨੂੰ ਰੰਗ- ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ | ਬਾਜ਼ਾਰਾਂ ਦੇ ਵਿਚ ਲੋਕਾਂ ਦੀ ਖਾਸ ਕਰਕੇ ਰੰਗ ਬਿਰੰਗੇ ਦੀਵਿਆਂ ਪ੍ਰਤੀ ਵੀ ਰੁਚੀ ਦੇਖਣ ਨੂੰ ਮਿਲੀ | ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਵੀ ਕਾਫ਼ੀ ਉਤਸ਼ਾਹਿਤ ਜਾਪੇ | ਮਾਪੇ ਵੀ ਆਪਣੇ ਛੋਟੇ ਵੱਡੇ ਬੱਚਿਆਂ ਨੂੰ ਸੋਹਣੇ ਅਤੇ ਦਿਲਕਸ਼ ਪਹਿਰਾਵਿਆਂ ਵਿਚ ਲੈ ਕੇ ਬਾਜ਼ਾਰਾਂ ਵਿਚ ਪੁੱਜੇ ਹੋਏ ਸਨ | ਦੂਜੇ ਪਾਸੇ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਚੰਡੀਗੜ੍ਹ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਰਹੀ | (ਸੰਬੰਧਿਤ ਤਸਵੀਰਾਂ ਸਫਾ 8 'ਤੇ)

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਅਗਲੀ ਖ਼ਬਰ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਵਲੋਂ ਰਾਹਤ ਦੇ ਸੰਕੇਤ <br/>
Ad Position 24