ਖਰੜ, 1 ਨਵੰਬਰ (ਜੰਡਪੁਰੀ)-ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਤੇ ਰੂ-ਬ-ਰੂ ਸਮਾਗਮ ਅੱਜ 2 ਨਵੰਬਰ ਨੂੰ ਖ਼ਾਲਸਾ ਸਕੂਲ ਖਰੜ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਤੇ ਮਨਮੋਹਨ ਸਿੰਘ ਦਾਊਾ ਨੇ ਦੱਸਿਆ ਕਿ ਇਸ ਸਮਾਗਮ 'ਚ ਰਾਬਿੰਦਰ ਸਿੰਘ ਰੱਬੀ ਨੂੰ ਹਾਜ਼ਰੀਨਾਂ ਦੇ ਰੂ-ਬ-ਰੂ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਬਿੰਦਰ ਸਿੰਘ ਰੱਬੀ ਹੁਣ ਤੱਕ ਪੰਜ ਕਿਤਾਬਾਂ ਲਿਖਣ ਦੇ ਨਾਲ-ਨਾਲ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਜ਼ਿਲ੍ਹਾ ਰੋਪੜ ਦੇ ਕੋਆਰਡੀਨੇਟਰ ਹਨ | ਇਸ ਤੋਂ ਇਲਾਵਾ ਉਹ ਕਰੀਬ 1 ਦਰਜਨ ਕਿਤਾਬਾਂ ਦੇ ਰੀਵਿਊਕਾਰ ਹੋਣ ਸਮੇਤ ਦਰਜਨਾਂ ਸੈਮੀਨਾਰਾਂ ਤੇ ਗੋਸ਼ਟੀਆਂ 'ਚ ਵੀ ਹਿੱਸਾ ਲੈ ਚੁੱਕੇ ਹਨ | ਉਹ ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਲਈ ਵੀ ਅਨੇਕਾਂ ਉਪਰਾਲਾ ਕਰ ਰਹੇ ਹਨ, ਜਦਕਿ ਸਿੱਖਿਆ ਦੇ ਖੇਤਰ 'ਚ ਉਹ ਲੰਮੇ ਸਮੇਂ ਤੋਂ ਬਤੌਰ ਸਕੂਲ ਲੈਕਚਰਾਰ ਸੇਵਾਵਾਂ ਨਿਭਾਅ ਰਹੇ ਹਨ | ਜਸਪਾਲ ਜੱਸੀ ਨੇ ਅੱਗੇ ਦੱਸਿਆ ਕਿ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਕੌਂਸਲਰ ਜਸਵੀਰ ਸਿੰਘ ਰਾਣਾ ਹਾਜ਼ਰੀ ਭਰਨਗੇ | ਇਸ ਮੌਕੇ ਵੱਖ-ਵੱਖ ਸਾਹਿਤਕਾਰ ਆਪੋ-ਆਪਣੀਆਂ ਰਚਨਾਵਾਂ ਵੀ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ |